ਚੰਡੀਗੜ੍ਹ, 2 ਦਸੰਬਰ – ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਜੋ ਕਿ ਗੁਰੂ ਸਾਹਿਬਾਨ ਦੁਆਰਾ ਦਰਸਾਏ ਮਾਰਗ ‘ਤੇ ਚੱਲ ਰਹੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਜੋ ਐਲਾਨ ਕੀਤੇ ਉਹ ਲਾਗੂ ਹੋ ਗਏ ਹਨ, ਜੋ ਲਾਗੂ ਨਹੀਂ ਹੋਏ ਉਹ ਪ੍ਰਕਿਰਿਆ ਅਧੀਨ ਹਨ।ਪੰਜਾਬ ਸਰਕਾਰ ਦਾ ਹੁਣ ਤੱਕ ਦਾ ਰਿਪੋਰਟ ਕਾਰਡ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ ਕਿ 2 ਕਿੱਲੋਵਾਟ ਤੱਕ ਬਿਜਲੀ ਦੇ ਸਾਰੇ ਬਕਾਏ ਮਾਫ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ 20 ਲੱਖ ਪਰਿਵਾਰਾਂ ਨੂੰ ਦੇ ਬਕਾਇਆ ਮਾਫ ਹੋਏ ਹਨ ਜਿਨ੍ਹਾਂ ਨੂੰ 1500 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।68 ਲੱਖ ਖਪਤਕਾਰਾਂ ਦੀ ਬਿਜਲੀ 3 ਰੁਪਏ ਸਸਤੀ ਕਰ ਦਿੱਤੀ ਗਈ ਹੈ ਜੋ ਕਿ 1 ਨਵੰਬਰ ਤੋਂ ਲਾਗੂ ਹੈ। ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਰੱਦ ਕਰ ਦਿੱਤੇ ਗਏ ਹਨ। ਇਸ ਨੂੰ ਲੈ ਕੇ ਨਵਾਂ ਟੈਂਡਰ ਜਾਰੀ ਹੋ ਚੁੱਕਾ ਹੈ ਤੇ ਪੁਰਾਣੇ ਟੈਂਡਰ ਰੱਦ ਹੋ ਚੁੱਕੇ ਹਨ।ਬੇਜ਼ਮੀਨੇ ਲੋਕਾਂ ਨੂੰ 5-5 ਮਰਲੇ ਪਲਾਂਟ ਦੇਣ ਸਬੰਧੀ ਉਨ੍ਹਾਂ ਕਿਹਾ ਕਿ 2 ਮਹੀਨਿਆ ‘ਚ 36 ਹਜ਼ਾਰ ਲੋਕਾਂ ਨੂੰ 5-5 ਮਰਲੇ ਦੇ ਪਲਾਂਟ ਦਿੱਤੇ ਜਾ ਚੁੱਕੇ ਹਨ।ਪੇਂਡੂ ਜਲ ਸਪਲਾਈ ਸਕੀਮ ਅਧੀਨ 1168 ਕਰੋੜ ਰੁਪਏ ਪੰਚਾਇਤਾ ਦੇ ਬਕਾਇਆ ਬਿੱਲ ਮਾਫ ਕੀਤੇ ਗਏ ਹਨ ਤੇ ਅੱਗੇ ਤੋਂ ਪਿੰਡਾਂ ਦੇ ਲੋਕਾਂ ਦਾ ਪਾਣੀ ਦਾ ਬਿੱਲ ਨਹੀਂ ਆਵੇਗਾ।ਇਸੇ ਤਰਾਂ ਸ਼ਹਿਰੀ ਖੇਤਰਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਵੀ ਮਾਫ ਕੀਤੇ ਗਏ ਹਨ।ਹਰ ਜ਼ਿਲ੍ਹੇ ‘ਚ ਅੰਬੇਡਕਰ ਭਵਨ ਬਣੇਗਾ। ਭਗਵਾਨ ਪਰਸ਼ੂਰਾਮ ਜੀ ਦੀ ਤਪਸਥਲੀ ਖਾਟੀਧਾਮ (ਫਗਵਾੜਾ) ਨੂੰ 10 ਕਰੋੜ ਚੈੱਕ ਕੀਤਾ ਗਿਆ ਹੈ। ਇਸੇ ਤਰਾਂ ਸੂਬੇ ਭਰ ‘ਚ 1 ਲੱਖ ਨਵੇਂ ਨੀਲੇ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੀ ਸਰਕਾਰ ਵੱਲੋਂ ਕੀਤੇ ਗਏ ਹੋਰ ਕੰਮਾਂ ਦਾ ਵੀ ਰਿਪੋਰਟ ਕਾਰਡ ਪੇਸ਼ ਕੀਤਾ।