ਪਠਾਨਕੋਟ, 2 ਦਸੰਬਰ – ਮਿਸ਼ਨ ਪੰਜਾਬ ਜਾਰੀ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਠਾਨਕੋਟ ਵਿਖੇ ਤਿਰੰਗਾ ਯਾਤਰਾ ਕੀਤੀ। ਇਸ ਮੌਕੇ ਪੰਜਾਬ ਲਈ ਚੌਥੀ ਗਰੰਟੀ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮੁਫਤ ਤੇ ਸਭ ਤੋਂ ਵਧੀਆ ਸਿੱਖਿਆ ਮਿਲੇਗੀ ਤੇ ਅਧਿਆਪਕ ਪੱਕੇ ਕੀਤੇ ਜਾਣਗੇ।ਪੰਜਾਬ ‘ਚ ਨਵੇਂ ਸਰਕਾਰੀ ਸਕੂਲਾਂ ਦਾ ਨਿਰਮਾਣ ਕੀਤਾ ਜਾਵੇਗਾ ਤੇ ਬਾਹਰੀ ਦੇਸ਼ਾਂ ਤੋਂ ਵੀ ਲੋਕ ਸਕੂਲ ਦੇਖਣ ਲਈ ਪੰਜਾਬ ਆਉਣਗੇ। ਇਸ ਦੇ ਨਾਲ ਹੀ ਐਲਾਨ ਕੀਤਾ ਕਿ ਭਾਰਤੀ ਫੌਜ਼ ਵਿਚ ਤਾਇਨਾਤ ਪੰਜਾਬ ਦਾ ਜਵਾਨ ਜੇਕਰ ਸਰਹੱਦ ‘ਤੇ ਜਾਂ ਪੰਜਾਬ ਪੁਲਿਸ ਦਾ ਜਵਾਨ ਕਿਸੇ ਵੀ ਆਪ੍ਰੇਸ਼ਨ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸ਼ਹੀਦ ਹੋਏ ਪੰਜਾਬ ਦੇ ਫੌਜ਼ ਦੇ ਜਵਾਨ ਅਤੇ ਪੁਲਿਸ ਦੇ ਜਵਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ।