ਗੁਰਾਇਆ, 15 ਦਸੰਬਰ (ਮਨੀਸ਼) – ਗੁਰਾਇਆ ਇਲਾਕੇ ‘ਚ ਦੋ ਪਹੀਆ ਵਾਹਨ ਚੋਰ ਪੂਰੀ ਤਰਾਂ ਸਰਗਰਮ ਨਜ਼ਰ ਆ ਰਹੇ ਹਨ।ਰੋਜ਼ਾਨਾ ਦਿਨ ਦਿਹਾੜੇ ਬਾਜ਼ਾਰਾਂ, ਪੌਸ਼ ਕਲੋਨੀਆਂ ‘ਚੋਂ ਮੋਟਰਸਾਈਕਲ, ਸਕੂਟੀਆਂ ਚੋਰੀ ਕਰਕੇ ਚੋਰ ਫਰਾਰ ਹੋ ਰਹੇ ਹਨ ਜਦਕਿ ਪੁਲਿਸ ਪ੍ਰਸ਼ਾਸਨ ਇਨ੍ਹਾਂ ਚੋਰਾਂ ਨੂੰ ਫੜਨ ‘ਚ ਪੂਰੀ ਤਰਾਂ ਅਸਫਲ ਸਾਬਿਤ ਹੋ ਰਹੀ ਹੈ।ਗੁਰਾਇਆ ਦੀ ਕ੍ਰਿਸ਼ਨਾ ਕਲੋਨੀ ਵਿਖੇ ਵੀ ਇੱਕ ਘਰ ਵਿਚ ਮਿਸਤਰੀ ਦਾ ਕੰਮ ਕਰਨ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਗੁਰਪ੍ਰੀਤ ਵਾਸੀ ਜੰਡ ਨੇ ਦੱਸਿਆ ਕਿ ਉਹ ਕ੍ਰਿਸ਼ਨਾ ਕਲੋਨੀ ਵਿਖੇ ਇੱਕ ਘਰ ਵਿਚ ਮਿਸਤਰੀ ਦਾ ਕੰਮ ਕਰਦਾ ਹੈ ਤੇ ਰੋਜ਼ਾਨਾ ਦੀ ਤਰਾਂ ਉਹ ਸਵੇਰੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜਾ ਕਰਕੇ ਆਪਣਾ ਕੰਮ ਕਰ ਰਿਹਾ ਸੀ।ਇਸ ਦੌਰਾਨ ਜਦੋਂ ਉਹ ਦੁਪਹਿਰ ਦਾ ਖਾਣਾ ਖਾਣ ਚੱਲਾ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪੱਧਰ ‘ਤੇ ਵੱਖ ਵੱਖ ਥਾਵਾਂ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਇੱਕ ਚੋਰ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਰਿਹਾ ਹੈ। ਇਸ ਬਾਰੇ ਉਸ ਨੇ ਗੁਰਾਇਆਂ ਪੁਲਿਸ ਨੂੰ ਸੂਚਿਤ ਕਰਦੇ ਹੋਏ ਚੋਰ ਨੂੰ ਜਲਦ ਤੋਂ ਜਲਦ ਫੜ ਕੇ ਉਸ ਦਾ ਮੋਟਰਸਾਈਕਲ ਉਸ ਨੂੰ ਦਿਵਾਉਣ ਦੀ ਮੰਗ ਕੀਤੀ ਹੈ।ਇਸੇ ਤਰਾਂ ਗੁਰਾਇਆ ਦੀ ਨਿਊ ਮਾਰਕੀਟ ਵਿਖੇ ਵੀ ਇੱਕ ਘਰ ਦੇ ਬਾਹਰ ਖੜੀ ਸਕੂਟੀ ਚੋਰੀ ਹੋ ਗਈ। ਜੋ ਕਿ ਬਾਅਦ ਵਿਚ ਲਾਵਾਰਿਸ ਥਾਂ ‘ਤੇ ਖੜੀ ਬਰਾਮਦ ਹੋਈ। ਇਸ ਸਬੰਧੀ ਪ੍ਰਵੀਨ ਭਾਰਦਵਾਜ਼ ਨੇ ਦੱਸਿਆ ਕਿ ਸਵੇਰੇ 6.30 ਵਜੇ ਮੰਦਿਰ ਤੋਂ ਵਾਪਿਸ ਆ ਕੇ ਉਸ ਨੇ ਆਪਣੀ ਸਕੂਟੀ ਘਰ ਦੇ ਬਾਹਰ ਖੜੀ ਕੀਤੀ ਸੀ।ਇਸ ਤੋਂ ਬਾਅਦ 8 ਵਜੇ ਦੇ ਕਰੀਬ ਉਸ ਦਾ ਪਤੀ ਦੁਕਾਨ ‘ਤੇ ਚੱਲਾ ਤਾਂ ਦੇਖਿਆ ਕਿ ਸਕੂਟੀ ਘਰ ਦੇ ਬਾਹਰੋ ਗਾਇਬ ਸੀ।ਉਪਰੰਤ ਉਨ੍ਹਾਂ ਮੁਹੱਲੇ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਇੱਕ ਵਿਅਕਤੀ ਸਕੂਟੀ ਲੈ ਕੇ ਜਾ ਰਿਹਾ ਹੈ।ਇਸ ਦੀ ਸ਼ਿਕਾਇਤ ਪੁਲਿਸ ਉਨ੍ਹਾਂ ਨੇ ਗੁਰਾਇਆ ਪੁਲਿਸ ਨੂੰ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਹੀ ਸਕੂਟੀ ਲੱਭਣ ਲਈ ਕਹਿ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ‘ਤੇ ਸਕੂਟੀ ਦੀ ਭਾਲ ਕੀਤੀ ਤਾਂ ਉਨ੍ਹਾਂ ਦੀ ਸਕੂਟੀ ਗੁਰਾਇਆ ਦੀ ਕ੍ਰਿਸ਼ਨਾ ਕਲੋਨੀ ਵਿਚ ਇੱਕ ਗਲੀ ਵਿਚ ਖੜੀ ਸੀ, ਜਿਸ ਦੀ ਨੰਬਰ ਪਲੇਟ ਤੋੜਨ ਦੀ ਕੋਸ਼ਿਸ਼ ਹੋਈ ਸੀ ਜਦਕਿ ਸਕੂਟੀ ਦੀ ਡਿੱਘੀ ਵਿਚ ਪਈਆਂ ਚੈੱਕ ਬੁਕਸ ਅਤੇ ਹੋਰ ਕਾਗਜ਼ ਪੱਤਰ ਗਾਇਬ ਸਨ।ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਬਾਜ਼ਾਰਾਂ ‘ਚੋਂ ਮੋਟਰਸਾਈਕਲ ਅਤੇ ਸਕੂਟੀਆਂ ਚੋਰੀ ਹੋ ਚੁੱਕੀਆਂ ਹਨ ਤੇ ਉਨ੍ਹਾਂ ਪੁਲਿਸ ਪਾਸੋਂ ਇਨ੍ਹਾਂ ਚੋਰਾਂ ਉੱਪਰ ਨੱਥ ਪਾਉਣ ਦੀ ਮੰਗ ਕੀਤੀ ਹੈ।