ਤਰਨਤਾਰਨ, 23 ਦਸੰਬਰ – ਅੱਜ ਸਵੇਰੇ ਹਰੀਕੇ-ਭਿਖੀਵਿੰਡ ਰੋਡ ‘ਤੇ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਕਾਲੇ ਦੇ ਨਜ਼ਦੀਕ ਬਣੇ ਪੁਲ ਵਿੱਚ ਪਏ ਟੋਏ ਕਾਰਨ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਬੇਕਾਬੂ ਹੋਣ ਤੋਂ ਬਾਅਦ ਦਰੱਖ਼ਤ ਨਾਲ ਜਾ ਟਕਰਾਈ। ਜਿਸ ਕਾਰਨ ਕਾਰ ਵਿਚ ਸਵਾਰ 2 ਔਰਤਾਂ ਅਤੇ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕਾਂ ਦੀ ਪਹਿਚਾਣ ਪਹਿਚਾਣ ਜਸਬੀਰ ਸਿੰਘ ਵਾਸੀ ਅੰਮ੍ਰਿਤਸਰ, ਸੱਨਮੀਤ ਕੌਰ ਵਾਸੀ ਅੰਮ੍ਰਿਤਸਰ ਅਤੇ ਬਲਜੀਤ ਕੌਰ ਵਾਸੀ ਪੱਟੀ ਵਜੋਂ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਜਸਬੀਰ ਸਿੰਘ, ਸੱਨਮੀਤ ਕੌਰ ਅਤੇ ਬਲਜੀਤ ਕੌਰ ਭਿੱਖੀਵਿੰਡ ਦੀ ਕੋਟਕ ਮਹਿੰਦਰਾ ਬੈਂਕ ਵਿੱਚ ਨੌਕਰੀ ਕਰਦੇ ਸਨ ਅਤੇ ਅੱਜ ਸਵੇਰੇ ਅੰਮ੍ਰਿਤਸਰ ਤੋਂ ਆਪਣੀ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋ ਕੇ ਪੱਟੀ ਤੋਂ ਸਟਾਫ ਮੈਂਬਰ ਨੂੰ ਨਾਲ ਲੈ ਕੇ ਪੱਟੀ ਤੋਂ ਭਿੱਖੀਵਿੰਡ ਨੂੰ ਆ ਰਹੇ ਸਨ ਤਾਂ ਜਦ ਉਹ ਪਿੰਡ ਕਾਲੇ ਦੇ ਨਜ਼ਦੀਕ ਪਹੁੰਚੇ ਤਾਂ ਉਥੇ ਸਬੰਧਿਤ ਮਹਿਕਮੇ ਵੱਲੋਂ ਬਣਾਏ ਗਏ ਨਵੇਂ ਪੁਲ ਦੀ ਸੜਕ ਕਾਫੀ ਬੈਠੀ ਹੋਈ ਹੈ ਜਿਸ ਕਾਰਨ ਇਹ ਤੇਜ਼ ਰਫ਼ਤਾਰ ਕਾਰ ਉਸ ਟੋਏ ਵਿੱਚ ਵੱਜਣ ਕਾਰਨ ਕਾਰ ਚਲਾ ਰਹੇ ਜਸਬੀਰ ਸਿੰਘ ਤੋਂ ਕਾਰ ਸੰਭਾਲੀ ਨਹੀਂ ਗਈ ਅਤੇ ਕਾਰ ਦਰੱਖਤ ਨਾਲ ਜਾ ਟਕਰਾਈ। ਦੱਸ ਦੇਈਏ ਕਿ ਇਹ ਟੱਕਰ ਏਨੀ ਜ਼ਬਰਦਸਤ ਸੀ ਕਿ ਗੱਡੀ ਦਾ ਇੰਜਣ ਦੱਸ ਫੁੱਟ ਦੀ ਦੂਰੀ ‘ਤੇ ਜਾ ਕੇ ਡਿੱਗਾ ਅਤੇ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਫਿਲਹਾਲ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ।