ਚੰਡੀਗੜ੍ਹ, 29 ਦਸੰਬਰ – ਪੰਜਾਬ ਸਰਕਾਰ ਵੱਲੋਂ ਅੱਜ 58 ਨਵੀਆਂ ਸਰਕਾਰੀ ਬੱਸਾਂ ਟਰਾਂਸਪੋਰਟ ਵਿਭਾਗ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਮੋਹਾਲੀ ਵਿਖੇ ਸੀ.ਐਮ ਹਾਊਸ ਤੋਂ ਹਰੀ ਝੰਡੀ ਦਿਖਾਈ। ਇਸ ਮੌਕੇ ਉਨ੍ਹਾਂ ਪੰਜਾਬ ਰੋਡਵੇਜ਼ ਦੀ ਬੱਸ ਦੀ ਖੁਦ ਡਰਾਇਵਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਬੱਸਾਂ ‘ਚ ਸਫਰ ਮੁਫਤ ਮਿਲੇਗਾ।ਇਸ ਲਈ ਸਰਕਾਰੀ ਜਾਂ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਫ੍ਰੀ ਪਾਸ ਬਣਾਏ ਜਾਣਗੇ।ਇਸ ਤੋਂ ਇਲਾਵਾ ਪੰਜਾਬ ਦੇ 102 ਬਸ ਸਟੈਂਡ ਅਪਗ੍ਰੇਡ ਕੀਤੇ ਜਾ ਰਹੇ ਹਨ, ਜਿਸ ਲਈ ਟੈਂਡਰ ਲਗਾ ਦਿੱਤੇ ਗਏ ਹਨ ਤੇ ਇਨ੍ਹਾਂ ਉੱਪਰ 400 ਕਰੋੜ ਦਾ ਖਰਚਾ ਆਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆ ਗਈ ਰੋਡਵੇਜ਼ ਦੀ ਲਾਰੀ, ਸੋਹਣਾ ਬੂਹਾ, ਸੋਹਣੀ ਬਾਰੀ, ਇਸ ਦੇ ਲੰਮੇ ਰੂਟ ਦੀ ਤਿਆਰੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਵਾਉਣਾ ਚਾਹੁੰਦੇ ਹਨ।ਭਾਜਪਾ ਅਤੇ ‘ਆਪ’ ਹੁਣੇ ਚੋਣਾਂ ਕਰਵਾ ਕੇ ਦੇਖ ਲੈਣ, ਕਾਂਗਰਸ ਜਿੱਤ ਕੇ ਦਿਖਾਵੇਗੀ।