ਗੁਰਾਇਆ (ਕੌਸ਼ਲ)-ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਅਤੇ ਹਸਪਤਾਲਾਂ ਦੇ ਵਿਚ ਲੋਕਾਂ ਨੂੰ ਇਲਾਜ ਲਈ ਆਕਸੀਜਨ ਤੇ ਬੈੱਡ ਨਹੀਂ ਮਿਲ ਰਹੇ ਉਥੇ ਹੀ ਗੁਰਾਇਆ ਵਿੱਚ ਸਮਾਜ ਸੇਵਕ ਸੋਢੀ ਰਾਮ ਗੋਹਾਵਰ ਨੇ ਪਹਿਲ ਕਦਮੀ ਕਰਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਰਾਹੀਂ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਏ ਹਨ । ਇਸ ਦੇ ਨਾਲ ਹੀ ਰੋਟਰੀ ਕਲੱਬ ਗੁਰਾਇਆ ਵੱਲੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਮਦਦ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਗੁਰਾਇਆ ਦੇ ਪ੍ਰਧਾਨ ਹਰਜੀਵਨ ਜੈਨ, ਸਾਬਕਾ ਪ੍ਰਧਾਨ ਸੋਢੀ ਰਾਮ, ਬੰਗਾ ਤੋਂ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੇ ਸਾਂਝੇ ਤੌਰ ਤੇ ਗੱਲਬਾਤ ਕਰਦੇ ਹੋਏ ਕਿਹਾ ਦੇਸ਼ ਵਿਦੇਸ਼ ਵਿਚ ਕੋਰੋਨਾ ਮਹਾਂਮਾਰੀ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ ਅਤੇ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ ਜਿੱਥੇ ਸਰਕਾਰਾਂ ਵੱਲੋਂ ਇਸ ਮਹਾਂਮਾਰੀ ਨੂੰ ਰੋਕਣ ਲਈ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਉੱਥੇ ਹੀ ਸਾਨੂੰ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਮਹਾਂਮਾਰੀ ਨੂੰ ਰੋਕਣ ਲਈ ਅਤੇ ਜੋ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸੇ ਲਈ ਸਮਾਜ ਸੇਵਕ ਸੋਢੀ ਰਾਮ ਗੋਹਾਵਰ ਜਿਨ੍ਹਾਂ ਦਾ ਆਪਣਾ ਗੁਰਾਇਆ ਫਗਵਾੜਾ ਨੈਸ਼ਨਲ ਹਾਈਵੇ ਤੇ ਮਿਲਨ ਪੈਲੇਸ ਹੈ ਉਨ੍ਹਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੇ ਪੈਲੇਸ ਦੇ ਹਾਲ ਨੂੰ ਕੋਵਿਡ ਸੈਂਟਰ ਬਣਾਉਣਾ ਚਾਹੁੰਦੀ ਹੈ ਤਾਂ ਉਹ ਆਪਣੇ ਪੈਲੇਸ ਦੇ ਦੋਵੇਂ ਹਾਲ ਦੇਣ ਲਈ ਤਿਆਰ ਹਨ।ਇਸੇ ਦੇ ਨਾਲ ਹੀ ਹਰਜੀਵਨ ਜੈਨ ਨੇ ਕਿਹਾ ਕਿ ਰੋਟਰੀ ਕਲੱਬ ਗੁਰਾਇਆ ਵੱਲੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜੇਕਰ ਇੱਥੇ ਸੈਂਟਰ ਬਣਦਾ ਹੈ ਤਾਂ ਰੋਟਰੀ ਕਲੱਬ ਵੱਲੋਂ ਏਕਾਂਤਵਾਸ ਕੀਤੇ ਗਏ ਮਰੀਜ਼ਾਂ ਲਈ ਬੈੱਡ ਅਤੇ ਖਾਣ ਪੀਣ ਦੀ ਸਾਰੀ ਜ਼ਿੰਮੇਵਾਰੀ ਚੁੱਕੀ ਜਾਵੇਗੀ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਕਸੀਮੀਟਰ, ਆਕਸੀਜਨ ਸਿਲੰਡਰ ਜਾਇਜ਼ ਰੇਟ ਤੇ ਕਲੱਬ ਨੂੰ ਲੈ ਕੇ ਦਿੰਦੀ ਹੈ ਤਾਂ ਮਰੀਜ਼ਾਂ ਲਈ ਇਹ ਵੀ ਸੇਵਾ ਕਰਨ ਲਈ ਤਿਆਰ ਹਨ। ਸਰਕਾਰ ਅਤੇ ਪ੍ਰਸ਼ਾਸਨ ਡਾਕਟਰੀ ਸਟਾਫ ਦਾ ਪ੍ਰਬੰਧ ਕਰੇ ਅਤੇ ਜਦੋਂ ਤਕ ਸਰਕਾਰ ਚਾਹੇ ਉਹ ਇੱਥੇ ਕੋਵਿਡ ਸੈਂਟਰ ਬਣਾ ਕੇ ਮਰੀਜ਼ ਰੱਖ ਸਕਦੀ ਹੈ ਰੋਟਰੀ ਕਲੱਬ ਹਮੇਸ਼ਾ ਇਸ ਮਹਾਂਮਾਰੀ ਵਿਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਨ।