ਫਗਵਾੜਾ, 4 ਜਨਵਰੀ (ਐੱਚ.ਐੱਸ ਰਾਣਾ) – ਫਗਵਾੜਾ ਸ਼ਹਿਰ ਵਿਚ ਆਏ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਲੁੱਟ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋਟਰਸਾਈਕਲ ਸਵਾਰ ਲੁਟੇਰੇ ਫਾਈਨਾਂਸ ਫਰਮ ਤੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਦੀ ਸਵੇਰ ਰਾਜਾ ਗਾਰਡਨ ਕਲੋਨੀ ਫਗਵਾੜਾ ਸਥਿਤ ਮਾਈਕਰੋ ਫਾਈਨਾਂਸ ਇੰਸਟੀਚਿਊਸ਼ਨ ਜੋ ਕਿ ਗਰੁੱਪ ਲੋਨ ਦਿੰਦਾ ਹੈ ਦੇ ਕਰਮਚਾਰੀ ਦਫਤਰ ਅੰਦਰ ਮੌਜੂਦ ਸਨ ਕਿ ਇੰਨੇ ਨੂੰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 2 ਲੁਟੇਰੇ ਪਿਸਤੌਲ ਦੀ ਨੋਕ ‘ਤੇ ਫਾਈਨਾਂਸ ਫਰਮ ਤੋਂ ਪੈਸਿਆਂ ਵਾਲੀ ਸੇਫ ਜਿਸ ਵਿਚ 4 ਲੱਖ 11 ਹਜ਼ਾਰ ਰੁਪਏ ਦੀ ਨਗਦੀ ਸੀ, ਲੈ ਕੇ ਫਰਾਰ ਹੋ ਗਏ।ਲੁੱਟ ਦੀ ਇਸ ਵਾਰਦਾਤ ਬਾਰੇ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਓਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਫਾਈਨਾਂਸ ਫਰਮ ਅਤੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਕੈਮਰਿਆ ਦੀ ਫੁਟੇਜ ਖੰਗਾਲਦੇ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।