ਪਾਂਸ਼ਟਾ, 18 ਫਰਵਰੀ (ਰਜਿੰਦਰ) – 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐੱਸ.ਐੱਸ.ਪੀ ਕਪੂਰਥਲਾ ਦੇ ਨਿਰਦੇਸ਼ਾਂ ‘ਤੇ ਪੁਲਿਸ ਵੱਲੋਂ ਐੱਸ.ਪੀ ਫਗਵਾੜਾ ਐੱਚ.ਪੀ.ਐੱਸ ਪਰਮਾਰ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਚੌਂਕੀ ਪਾਂਸ਼ਟਾ ਤੋਂ ਸ਼ੁਰੂ ਹੋ ਕੇ ਇਹ ਫਲੈਗ ਮਾਰਚ ਨਰੂੜ, ਰਾਮਪੁਰ ਖਲਿਆਣ, ਸਾਹਨੀ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਭਾਖੜੀਆਣਾ ਵਿਖੇ ਸਮਾਪਤ ਹੋਇਆ।ਐੱਸ.ਪੀ ਐੱਚ.ਪੀ.ਐੱਸ ਪਰਮਾਰ ਅਤੇ ਡੀ.ਐੱਸ.ਪੀ ਏ.ਆਰ ਸ਼ਰਮਾ ਨੇ ਦੱਸਿਆ ਕਿ ਫਲੈਗ ਮਾਰਚ ਕੱਢਣ ਦਾ ਮਕਸਦ ਸਮਾਜ ਵਿਰੋਧੀ ਅਨਸਰਾਂ ਉੱਪਰ ਨੱਥ ਪਾਉਣ ਦੇ ਨਾਲ ਨਾਲ ਲੋਕਾਂ ਨੂੰ ਡਰ ਤੋਂ ਦੂਰ ਰੱਖਣਾ ਹੈ ਤਾਂ ਜੋ ਵੋਟਾਂ ਦੇ ਕੰਮ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪੜੇ ਚਾੜਿਆ ਜਾ ਸਕੇ ਅਤੇ ਲੋਕ ਬਿਨ੍ਹਾਂ ਕਿਸੇ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।ਉਨ੍ਹਾਂ ਕਿਹਾ ਕਿ ਸੰਬੰਧਿਤ ਥਾਣਿਆਂ ਦੀ ਪੁਲਿਸ ਦੇ ਮੁਲਾਜ਼ਮਾਂ ਨੂੰ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਹ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਨਤਾ ਦੀ ਸਹੂਲਤ ਨੂੰ ਯਕੀਨੀ ਬਣਾਉਣ ਅਤੇ ਜਨਤਾ ਨਾਲ ਸਹਿਯੋਗ ਕਰਨ ਤਾਂ ਜੋ ਜਨਤਾ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਤੋਂ ਵੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਚ.ਓ ਥਾਣਾ ਸਤਨਾਮਪੁਰਾ ਹਰਜੀਤ ਸਿੰਘ, ਐੱਸ.ਐੱਚ.ਓ ਥਾਣਾ ਰਾਵਲਪਿੰਡੀ ਅਮਨਪ੍ਰੀਤ ਕੌਰ, ਪੀ.ਸੀ.ਆਰ ਫਗਵਾੜਾ ਦੇ ਇੰਚਾਰਜ ਸੁੱਚਾ ਸਿੰਘ ਆਦਿ ਹਾਜ਼ਰ ਸਨ।