ਫਿਲੌਰ, 2 ਅਪ੍ਰੈਲ (ਪ੍ਰਦੀਪ ਰਾਜਾ) – ਆਪਣੇ ਹੀ ਦੋਸਤ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਫਿਲੌਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਧਰਮਿੰਦਰਜੀਤ ਸਿੰਘ ਵਾਸੀ ਪਿੰਡ ਖਹਿਰਾ ਥਾਣਾ ਫਿਲੌਰ ਵਜ਼ੋ ਹੋਈ ਹੈ। ਮੁੱਖ ਅਫਸਰ ਥਾਣਾ ਫਿਲੌਰ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ ਮੁਹੱਲਾ ਤਲਵੰਡੀ ਚੌਧਰੀਆਂ ਫਿਲੌਰ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦੇ ਛੋਟੇ ਭਰਾ ਸੇਵਾ ਸਿੰਘ ਦੀ ਪਤਨੀ ਅਤੇ ਬੱਚੇ 8-9 ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੇ ਗਏ ਸਨ। ਇਸ ਤੋਂ ਬਾਅਦ ਸੇਵਾ ਸਿੰਘ ਘਰ ਵਿਚ ਇਕੱਲਾ ਰਹਿੰਦਾ ਸੀ ਜੋ ਕਿ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ।31 ਮਾਰਚ ਨੂੰ ਸੇਵਾ ਸਿੰਘ ਨੇ ਆਪਣੇ ਨਸ਼ੇੜੀ ਦੋਸਤ ਧਰਮਿੰਦਰਜੀਤ ਸਿੰਘ ਨੂੰ ਘਰ ਠਹਿਰਾਇਆ ਹੋਇਆ ਸੀ। ਮਿਤੀ 1 ਅਪ੍ਰੈਲ ਨੂੰ ਦੁਪਹਿਰ ਦੇ ਸਮੇਂ ਅਮਰੀਕ ਸਿੰਘ ਸੇਵਾ ਸਿੰਘ ਦੇ ਘਰ ਗਿਆ ਤਾਂ ਦੇਖਿਆ ਕਿ ਸੇਵਾ ਸਿੰਘ ਦੀ ਲਾਸ਼ ਬੈੱਡ ਉੱਪਰ ਪਈ ਸੀ ਤੇ ਉਸ ਦੇ ਸਰੀਰ ਉੱਪਰ ਸੱਟ ਦੇ ਕਾਫੀ ਨਿਸ਼ਾਨ ਸਨ।ਅਮਰੀਕ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਵਿਚ ਕਿਹਾ ਸੀ ਕਿ ਧਰਮਿੰਦਰਜੀਤ ਸਿੰਘ ਨੇ ਹੀ ਉਸ ਦੇ ਭਰਾ ਦਾ ਕਤਲ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਧਰਮਿੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਧਰਮਿੰਦਰਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ‘ਤੇ ਲੈ ਕੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।