ਈ.ਟੀ.ਟੀ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਅੱਗੇ ਧਰਨਾ

ਬਰਨਾਲਾ, 3 ਅਪ੍ਰੈਲ – ਡੈਪੂਟੇਸ਼ਨ ‘ਤੇ ਚੱਲ ਰਹੇ ਈ.ਟੀ.ਟੀ ਅਧਿਆਪਕਾਂ ਨੇ ਨਵੇਂ ਬਣੇ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਬਰਨਾਲਾ ਤੋਂ ਵਿਧਾਇਕ ਹਨ ਦੀ ਬਰਨਾਲਾ ਸਥਿਤ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਦੱਸਿਆ ਕਿ ਉਹ ਆਪਣਾ ਸਟੇਸ਼ਨ ਛੱਡ ਕੇ 200-300 ਕਿੱਲੋਮੀਟਰ ਦੂਰ ਡਿਊਟੀ ਕਰ ਰਹੇ ਹਨ ਜੋ ਕਿ ਵਿਭਾਗ ਦੀ ਨੀਤੀ ਦੇ ਖਿਲਾਫ ਹੈ। 31 ਮਾਰਚ 2022 ਤੱਕ ਸਾਰੇ ਅਧਿਆਪਕ ਜਿਨ੍ਹਾਂ ਦੀ ਡੈਪੂਟੇਸ਼ਨ ‘ਤੇ ਬਦਲੀ ਹੋਈ ਸੀ, ਉਨ੍ਹਾਂ ਨੂੰ 1 ਅਪ੍ਰੈਲ ਤੋਂ ਡੈਪੂਟੇਸ਼ਨ ਖਤਮ ਕਰਨ ਦੇ ਆਦੇਸ਼ ਹੋਏ ਸਨ, ਪਰੰਤੂ ਅਜੇ ਤੱਕ ਡੈਪੂਟੇਸ਼ਨ ਖਤਮ ਕਰਕੇ ਉਨ੍ਹਾਂ ਨੂੰ ਫ੍ਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਘਰ ਤੋਂ ਸਕੂਲ ਦੂਰ ਹੋਣ ਕਾਰਨ ਉਹ ਲੇਟ ਹੋ ਜਾਂਦੇ ਹਨ ਤੇ ਸਕੂਲ ਲੇਟ ਪਹੁੰਚਣ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਸਮੂਹ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆ ਕਿਹਾ ਕਿ ਨਵੀਂ ਬਣੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਕੰਮ ਕਰ ਰਹੀ ਹੈ। ਪ੍ਰਦਰਸ਼ਨ ਤੋਂ ਪਹਿਲਾ ਈ.ਟੀ.ਟੀ ਅਧਿਆਪਕ ਮੀਤ ਹੇਅਰ ਨੂੰ ਵੀ ਮਿਲੇ ਤੇ ਮੀਤ ਹੇਅਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਸਿੱਖਿਆ ਵਿਭਾਗ ਵਿਚ ਕੁੱਝ ਤਬਦੀਲੀਆਂ ਲਿਆਂਦੀਆਂ ਜਾਣਗੀਆਂ ਤੇ ਇਸ ਲਈ ਸਰਕਾਰ ਨੂੰ ਕੁੱਝ ਸਮਾਂ ਚਾਹੀਦਾ ਹੈ।

Leave a Reply

Your email address will not be published. Required fields are marked *