ਹੁਸ਼ਿਆਰਪੁਰ, 4 ਮਈ – ਪੰਜਾਬ ਭਰ ਵਿਚ 4 ਮਈ ਤੋਂ 6 ਮਈ ਅਤੇ 9 ਮਈ ਤੋਂ ਲੈ ਕੇ 15 ਮਈ ਤੱਕ ਪਟਵਾਰੀ ਅਤੇ ਕਾਨੂੰਗੋ ਸਮੂਹਿਕ ਛੁੱਟੀ ‘ਤੇ ਜਾ ਰਹੇ ਹਨ। ਇਸ ਦੇ ਤਹਿਤ ਹੁਸ਼ਿਆਰਪੁਰ ਵਿਖੇ ਵੀ ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਸੂਬਾ ਕਮੇਟੀ ਦੇ ਸੱਦੇ ‘ਤੇ 3 ਦਿਨਾਂ ਲਈ ਸਮੂਹਿਕ ਹੜਤਾਲ ਸ਼ੁਰੂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਰੈਵਨਊ ਪਟਵਾਰ ਯੁਨੀਅਨ ਸੰਗਰੂਰ-ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਸ਼ੋਕਰ ਨੂੰ ਬਹਾਨੇ ਨਾਲ ਦਫਤਰ ਬੁਲਾ ਕੇ ਬਿਨ੍ਹਾਂ ਕੋਈ ਕਾਰਨ ਦੱਸੇ ਪੁੱਛੇ ਉਨ੍ਹਾਂ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ। ਜਿਸ ਕਾਰਨ ਪੰਜਾਬ ਦੇ ਸਮੁੱਚੇ ਪਟਵਾਰੀਆਂ ਅਤੇ ਕਾਨੂੰਗੋਆ ਵਿਚਕਾਰ ਵਿਜੀਲੈਂਸ ਅਤੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਨੇ ਜੇਕਰ ਜਲਦ ਤੋਂ ਜਲਦ ਪਰਚਾ ਰੱਦ ਨਾ ਕੀਤਾ ਤਾਂ 9 ਤੋਂ ਉਨ੍ਹਾਂ ਵੱਲੋਂ ਫਿਰ ਤੋਂ ਸਮੂਹਿਕ ਛੁੱਟੀ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਪਟਵਾਰੀਆਂ ਅਤੇ ਕਾਨੂੰਗੋਆਂ ਦੀ ਸਮੂਹਿਕ ਛੁੱਟੀ ਕਾਰਨ ਦੂਰ ਦੁਰਾਡੇ ਤੋਂ ਕੰਮ ਕਰਵਾਉਣ ਆਏ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।