ਮੋਹਾਲੀ, 18 ਮਈ – ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਸਾਨਾਂ ਵੱਲੋਂ ਮੋਹਾਲੀ-ਚੰਡੀਗੜ੍ਹ ਸਰਹੱਦ ‘ਤੇ ਲਗਾਏ ਗਏ ਪੱਕੇ ਮੋਰਚੇ ਵਿਚ ਪਹੁੰਚੇ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਹਨ। ਕਣਕ ‘ਤੇ ਬੋਨਸ ਲਈ ਮੁੱਖ ਮੰਤਰੀ ਕੱਲ੍ਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣਗੇ, ਮੂੰਗੀ ‘ਤੇ ਐਮ.ਐੱਸ.ਪੀ ਦਾ ਨੋਟੀਫਿਕੇਸ਼ਨ ਦਿੱਤਾ ਗਿਆ ਹੈ ਤੇ ਮੱਕੀ ‘ਤੇ ਹਰ ਹਾਲ ‘ਚ ਐਮ.ਐੱਸ.ਪੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਬਜ਼ੇ ਤੇ ਕੁਰਕੀ ਲਈ ਕੋਈ ਅਧਿਕਾਰੀ ਨਹੀਂ ਜਾਵੇਗਾ ਤੇ ਚਿੱਪ ਵਾਲੇ ਮੀਟਰ ਵੀ ਨਹੀਂ ਲਗਾਏ ਜਾਣਗੇ।ਗੰਨੇ ਦਾ ਬਕਾਇਆ ਜਲਦ ਦਿੱਤਾ ਜਾਵੇਗਾ ਜਦਕਿ ਝੋਨੇ ਦੀ ਬਿਜਾਈ 14 ਅਤੇ 17 ਜੂਨ ਨੂੰ ਹੋਵੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ ਮੁਕਤੀ ਲਈ ਮੁੱਖ ਮੰਤਰੀ ਨੇ ਕੁੱਝ ਸਮਾਂ ਮੰਗਿਆ ਹੈ ਤੇ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਬਲਕਿ ਕਿਸਾਨਾਂ ਨੂੰ ਕਰਜ਼ ਮੁਕਤ ਕੀਤਾ ਜਾਵੇਗਾ।