ਅੰਮ੍ਰਿਤਸਰ ਪੁਲਿਸ ਨੇ ਦੇਹਰਾਦੂਨ ਦੀ ਇੱਕ ਫੈਕਟਰੀ ਵਿੱਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 4 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ। ਨਾਲ ਹੀ ਪੁਲਿਸ ਨੇ ਛਾਪੇਮਾਰੀ ਦੌਰਾਨ ਫੈਕਟਰੀ ਦੇ ਮਾਲਕ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਡਰੱਗ ਇੰਸਪੈਕਟਰ ਦੀ ਮਦਦ ਦੇ ਨਾਲ ਪੁਲਿਸ ਇਸ ਫੈਕਟਰੀ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਨਾਜਾਇਜ਼ ਤਰੀਕੇ ਨਾਲ ਚੱਲ ਰਹੀ ਸੀ। ਨਸ਼ੀਲਿਆਂ ਗੋਲੀਆਂ ਵੇਚਣ ਦੇ ਲਈ ਡਿਸਟ੍ਰੀਬਿਉਟਰ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਫਿਲਹਾਲ ਹੁਣ ਤੱਕ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਸਾਢੇ ਚਾਰ ਲੱਖ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਮਾਮਲੇ ਸਬੰਧੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਉਸਮਾਨ ਰਾਜਪੂਤ ਉਤਰਾਖੰਡ ਦੇ ਦੇਹਰਾਦੂਨ ਦਾ ਰਹਿਣ ਵਾਲਾ ਹੈ ਅਤੇ ਉੱਥੇ ਦੇ ਇੰਡਸਟਰੀਅਲ ਏਰੀਆ ਚ ਇੱਕ ਡਰੱਗ ਫੈਕਟਰੀ ਚਲਾਉਂਦਾ ਹੈ ਜਿਸਦਾ ਲਾਈਸੈਂਸ ਅਕਤੂਬਰ ਮਹੀਨੇ ’ਚ ਹੀ ਖ਼ਤਮ ਹੋ ਚੁੱਕਿਆ ਸੀ ਪਰ ਉਹ ਫਿਰ ਵੀ ਨਾਜਾਇਜ਼ ਤੌਰ ’ਤੇ ਇਸ ਫੈਕਟਰੀ ਨੂੰ ਚਲਾ ਰਿਹਾ ਸੀ। ਇਸੇ ਤਹਿਤ 21 ਅਕਤੂਬਰ ਨੂੰ ਅੰਮ੍ਰਿਤਸਰ ‘ਚ 2 ਨੌਜਵਾਨਾਂ ਨੂੰ 29,000 ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਸੀ, ਉਕਤ ਮਾਮਲੇ ‘ਚ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਹ ਨਸ਼ਾ ਦੇਹਰਾਦੂਨ ਤੋਂ ਲੈ ਕੇ ਆਏ ਸੀ ਅਤੇ ਪੁਲਿਸ ਪਾਰਟੀ ਨੇ ਵੱਖ-ਵੱਖ ਟੀਮਾਂ ਬਣਾ ਕੇ ਦੇਹਰਾਦੂਨ ਭੇਜ ਦਿੱਤਾ, ਜਿੱਥੇ ਉਨ੍ਹਾਂ ਨੇ ਇਹ ਪ੍ਰਾਪਤੀ ਹਾਸਿਲ ਕੀਤੀ ਅਤੇ ਉਸਮਾਨ ਰਾਜਪੂਤ ਨੂੰ 40,5000 ਨਸ਼ੀਲੇ ਪਦਾਰਥਾਂ ਸਮੇਤ ਮੌਕੇ ‘ਤੇ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ। ਦੱਸ ਦਈਏ ਕਿ ਦੋ ਦਿਨ ਪਹਿਲਾਂ ਪੁਲਿਸ ਨੇ ਅੰਮ੍ਰਿਤਸਰ ਚ 38,500 ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ 5 ਨੌਜਵਾਨਾਂ ਨੂੰ ਕਾਬੂ ਕੀਤਾ ਸੀ। ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਅੰਮ੍ਰਿਤਸਰ ਪੁਲਿਸ ਦੇਹਾਰਦੂਨ ਪਹੁੰਚੀ ਸੀ। ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਕੁੱਲ ਪੁਲਿਸ ਨੇ 6 ਮੁਲਜ਼ਮਾਂ ਕੋਲੋਂ 4 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਅਤੇ 30,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਅਤੇ ਉਸਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਦੇਹਰਾਦੂਨ ਤੋਂ ਨਸ਼ੇ ਦੀ ਸਪਲਾਈ ਕਿੱਥੋਂ ਕਰਦਾ ਸੀ।