ਡਾਕਘਰ ਦੀ ਛੋਟੀ ਬੱਚਤ ਸਕੀਮ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਨਵੇਂ ਸਾਲ ਵਿੱਚ ਸਰਕਾਰ ਵੱਲੋਂ ਤੋਹਫ਼ਾ ਮਿਲਿਆ ਹੈ। ਮੋਦੀ ਸਰਕਾਰ ਨੇ ਛੋਟੀ ਬੱਚਤ ਸਕੀਮ ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ‘ਚ ਜਨਵਰੀ ਤੋਂ ਮਾਰਚ ਤੱਕ ਕੁਝ ਸਕੀਮਾਂ ‘ਤੇ ਦਰਾਂ ਵਧਾ ਦਿੱਤੀਆਂ ਗਈਆਂ ਹਨ। ਰਿਪੋਰਟ ਮੁਤਾਬਕ ਸਰਕਾਰ ਨੇ ਸ਼ੁੱਕਰਵਾਰ ਨੂੰ ਪੋਸਟ ਆਫਿਸ ਫਿਕਸਡ ਡਿਪਾਜ਼ਿਟ, ਐੱਨਐੱਸਸੀ ਅਤੇ ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ ‘ਤੇ ਵਿਆਜ ਦਰਾਂ ‘ਚ 1.1 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਇਹ ਵਾਧਾ 1 ਜਨਵਰੀ ਤੋਂ ਲਾਗੂ ਹੋਵੇਗਾ। ਸਰਕਾਰ ਨੇ ਇਹ ਵਾਧਾ ਹਾਲ ਹੀ ਵਿੱਚ ਵਿਆਜ ਦਰਾਂ ਵਿੱਚ ਕੀਤੇ ਵਾਧੇ ਦੇ ਮੱਦੇਨਜ਼ਰ ਕੀਤਾ ਹੈ। ਹਾਲਾਂਕਿ, ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) ‘ਤੇ 1 ਜਨਵਰੀ ਤੋਂ 7 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਫਿਲਹਾਲ ਇਸ ਸਰਕਾਰੀ ਯੋਜਨਾ ‘ਤੇ ਵਿਆਜ 6.8 ਫੀਸਦੀ ਹੈ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ‘ਤੇ ਮੌਜੂਦਾ 7.6 ਫੀਸਦੀ ਦੇ ਮੁਕਾਬਲੇ ਹੁਣ 8 ਫੀਸਦੀ ਵਿਆਜ ਮਿਲੇਗਾ। ਇਸ ਤੋਂ ਇਲਾਵਾ ਪੋਸਟ ਆਫਿਸ ਟਾਈਮ ਡਿਪਾਜ਼ਿਟ ਸਕੀਮ ਯਾਨੀ ਇੱਕ ਤੋਂ ਪੰਜ ਸਾਲ ਦੀ ਮਿਆਦ ਲਈ FD ‘ਤੇ ਵਿਆਜ ਦਰਾਂ 1.1 ਫੀਸਦੀ ਵਧ ਜਾਣਗੀਆਂ। ਹੁਣ ਡਾਕਘਰ ‘ਚ ਇਕ ਸਾਲ ਦੀ ਐੱਫਡੀ ਖੋਲ੍ਹਣ ‘ਤੇ ਵਿਆਜ ਦਰ 5.5 ਫੀਸਦੀ ਦੀ ਬਜਾਏ 6.6 ਫੀਸਦੀ ਹੋਵੇਗੀ । ਇਸ ਦੇ ਨਾਲ ਹੀ ਡਾਕਘਰ ‘ਚ ਦੋ ਸਾਲ ਦੀ ਮਿਆਦ ਦੇ ਫਿਕਸਡ ਡਿਪਾਜ਼ਿਟ ‘ਤੇ 5.7 ਫੀਸਦੀ ਦੀ ਬਜਾਏ 6.8 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਦੂਜੇ ਪਾਸੇ ਦੋ ਸਾਲ ਦੀ ਪੋਸਟ ਆਫਿਸ ਐੱਫਡੀ ‘ਤੇ ਵਿਆਜ ਦਰ 5.8 ਫੀਸਦੀ ਤੋਂ ਵਧਾ ਕੇ 6.9 ਫੀਸਦੀ ਕਰ ਦਿੱਤੀ ਗਈ ਹੈ। ਪੰਜ ਸਾਲ ਦੀ ਟੈਕਸ ਸੇਵਿੰਗ ਐਫਡੀ ‘ਤੇ ਡਾਕਘਰ ‘ਚ ਵਿਆਜ 6.7 ਫੀਸਦੀ ਤੋਂ ਵਧ ਕੇ 7.0 ਫੀਸਦੀ ਹੋ ਗਿਆ ਹੈ। ਦੂਜੇ ਪਾਸੇ ਡਾਕਘਰ ਦੀ ਮਾਸਿਕ ਆਮਦਨ ਯੋਜਨਾ ‘ਚ 6.7 ਫੀਸਦੀ ਦੀ ਬਜਾਏ ਹੁਣ 7.1 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਜਦੋਂਕਿ ਡਾਕਘਰ ਦੀ ਕਿਸਾਨ ਵਿਕਾਸ ਪੱਤਰ (ਕੇਵੀਪੀ) ਸਕੀਮ ਵਿੱਚ 1 ਜਨਵਰੀ 2023 ਤੋਂ 7.0 ਫੀਸਦੀ ਦੀ ਬਜਾਏ 7.2 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਇਸ ਸਕੀਮ ਵਿੱਚ ਜਮ੍ਹਾਂ ਰਕਮ ਪਹਿਲੇ 123 ਮਹੀਨਿਆਂ ਵਿੱਚ ਮੈਚਿਓਰ ਹੋ ਜਾਂਦੀ ਸੀ, ਹੁਣ ਇਹ ਰਕਮ 120 ਮਹੀਨਿਆਂ ਵਿੱਚ ਮੈਚਿਓਰ ਹੋ ਜਾਵੇਗੀ। ਕੇਂਦਰ ਸਰਕਾਰ ਨੇ ਲੰਮੇ ਸਮੇਂ ਤੋਂ ਇਨ੍ਹਾਂ ਛੋਟੀਆਂ ਬੱਚਤ ਯੋਜਨਾਵਾਂ ‘ਤੇ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਸੀ। ਅਜਿਹੇ ‘ਚ ਸਮਾਲ ਸੇਵਿੰਗ ਸਕੀਮ ਦੇ ਨਿਵੇਸ਼ਕਾਂ ਲਈ ਨਵਾਂ ਸਾਲ ਸਰਕਾਰ ਵੱਲੋਂ ਨਵੇਂ ਸਾਲ ਦੇ ਤੋਹਫੇ ਵਾਂਗ ਹੈ।