ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ (Haryana Sports Minister Sandeep Singh) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਬੁੱਧਵਾਰ ਨੂੰ ਤਲਬ ਕੀਤਾ ਹੈ। ਚੰਡੀਗੜ੍ਹ ਦੇ ਸੈਕਟਰ 26 ਥਾਣੇ ਦੇ ਐੱਸਐੱਚਓ (Chandigarh Police SHO) ਸੰਦੀਪ ਸਿੰਘ ਦੀ ਚੰਡੀਗੜ੍ਹ ਰਿਹਾਇਸ਼ ’ਤੇ ਪੁੱਜੇ ਅਤੇ ਉਨ੍ਹਾਂ ਨੂੰ ਸੰਮਨ ਦਿੱਤੇ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਦੇ ਘਰ ਵਿੱਚ ਸੰਮਨ ਰਸੀਵ ਕਰ ਲਏ ਹਨ। ਹਾਲਾਂਕਿ ਸੰਦੀਪ ਦੇ ਘਰੋਂ ਚਲੇ ਜਾਣ ਤੋਂ ਬਾਅਦ ਜਦੋਂ ਮੀਡੀਆ ਨੇ ਐੱਸਐੱਚਓ ਮਨਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਦੱਸ ਦੇਈਏ ਕਿ ਹਰਿਆਣਾ ਦੀ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ (Women Coach Molestation case) ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਪਹਿਲੀ ਵਾਰ ਖੇਡ ਮੰਤਰੀ ਸੰਦੀਪ ਸਿੰਘ ਦੇ ਘਰ ਪਹੁੰਚੀ ਹੈ। ਚੰਡੀਗੜ੍ਹ ਪੁਲੀਸ ਦੇ ਐਸਐਚਓ ਸੰਦੀਪ ਸਿੰਘ ਦੇ ਘਰ ਕਰੀਬ 5 ਮਿੰਟ ਰੁਕਣ ਤੋਂ ਬਾਅਦ ਉਹ ਆਪਣੀ ਟੀਮ ਨਾਲ ਵਾਪਸ ਪਰਤ ਗਏ। ਦੂਜੇ ਪਾਸੇ ਇਸ ਮਾਮਲੇ ਵਿੱਚ ਪੀੜਤ ਕੋਚ ਬੁੱਧਵਾਰ ਨੂੰ ਧਾਰਾ 164 ਤਹਿਤ ਜ਼ਿਲ੍ਹਾ ਅਦਾਲਤ ਵਿੱਚ ਮੈਜਿਸਟਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾ ਰਹੀ ਹੈ। ਇੱਕ ਵਾਰ ਚੰਡੀਗੜ੍ਹ ਪੁਲੀਸ ਸੰਦੀਪ ਸਿੰਘ ਦੀ ਰਿਹਾਇਸ਼ ਤੋਂ ਚਲੀ ਗਈ ਸੀ ਪਰ ਮੁੜ ਚੰਡੀਗੜ੍ਹ ਪੁਲੀਸ ਨੇ ਉਸ ਦੇ ਘਰ ਦਾ ਬੂਹਾ ਖੜਕਾਇਆ ਹੈ। ਸੰਦੀਪ ਸਿੰਘ ਦੇ ਘਰ ਦੇ ਆਲੇ-ਦੁਆਲੇ ਬੈਰੀਕੇਡਿੰਗ ਲਗਾ ਦਿੱਤੀ ਗਈ ਹੈ ਅਤੇ ਘਰ ਦੇ ਅੱਗੇ ਲੱਗੇ ਸਾਰੇ ਵਾਹਨਾਂ ਨੂੰ ਪੁਲਿਸ ਨੇ ਹਟਾ ਦਿੱਤਾ ਹੈ। ਐਸ.ਐਚ.ਓ ਮਨਿੰਦਰ ਸਿੰਘ ਆਪਣੀ ਟੀਮ ਨਾਲ ਮੁੜ ਪੁੱਜੇ। ਦੱਸ ਦੇਈਏ ਕਿ ਇਲਜ਼ਾਮਾਂ ਤੋਂ ਬਾਅਦ ਸੰਦੀਪ ਸਿੰਘ ਨੇ ਆਪਣਾ ਵਿਭਾਗ ਸੀ.ਐਮ ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਮਹਿਲਾ ਕੋਚ ਨੇ ਹਰਿਆਣਾ ਸਰਕਾਰ ‘ਤੇ ਮਾਮਲੇ ਨੂੰ ਲੈ ਕੇ ਦਬਾਅ ਬਣਾਉਣ ਦਾ ਦੋਸ਼ ਲਗਾਇਆ ਹੈ। ਨਾਲ ਹੀ ਕਿਹਾ ਕਿ ਉਸ ਨੂੰ ਇਸ ਕੇਸ ਵਿੱਚ ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਕੀ ਮਾਮਲਾ ਹੈ ਹਰਿਆਣਾ ਦੀ ਜੂਨੀਅਰ ਮਹਿਲਾ ਕੋਚ ਨੇ ਖੇਡ ਮੰਤਰੀ ਸੰਦੀਪ ‘ਤੇ ਛੇੜਛਾੜ ਦੇ ਦੋਸ਼ ਲਾਏ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਚੰਡੀਗੜ੍ਹ ਸਥਿਤ ਖੇਡ ਮੰਤਰੀ ਦੀ ਰਿਹਾਇਸ਼ ’ਤੇ ਉਸ ਨਾਲ ਛੇੜਛਾੜ ਕੀਤੀ ਗਈ। ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਸੈਕਟਰ 26 ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਮਹਿਲਾ ਕੋਚ ਨੇ ਇਸ ਮੁੱਦੇ ਨੂੰ ਲੈ ਕੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ਵਿੱਚ ਮੁਲਜ਼ਮ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।