ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਕਹਿਣ ‘ਤੇ ਜੇਕਰ ਗੋਲਕਾਂ ਚੱਕੀਆਂ ਜਾਣ ਤਾਂ SGPC ਦੇ ਮੈਂਬਰ ਆਪਣੇ ਅਹੁਦੇ ਛੱਡ ਦੇਣਗੇ ਦੇ ਦਿੱਤੇ ਬਿਆਨ ‘ਤੇ ਧਾਰਮਿਕ ਤੇ ਰਾਜਨੀਤਿਕ ਪੱਖ ਆਹਮੋ-ਸਾਹਮਣੇ ਹੁੰਦੇ ਵਿਖਾਈ ਦੇ ਰਹੇ ਹਨ। ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ CM ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ SGPC ਦੇ ਮੈਂਬਰ ਨਾ ਤਾਂ ਤਨਖ਼ਾਹ ਲੈਂਦੇ ਨੇ ਤੇ ਨਾਂ ਹੀ ਤੇਲ ਖਰਚਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਕੀ ਗੋਲਕ ਨਾਲ ਹੀ 24 ਘੰਟੇ ਲੰਗਰ ਚਲਦੇ ਹਨ , ਗੁਰੂ ਘਰਾਂ ਦੇ ਪ੍ਰਬੰਧ ਹਸਪਤਾਲ ਤੇ ਸਕੂਲ ਚਲਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਅਣਉਚਿਤ ਬਿਆਨ ਨਾਲ ਸੰਗਤ ਦੀ ਸ਼ਰਧਾ ਭਾਵਨਾ ‘ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਦਾ ਕਹਿਣਾ ਕਿ ਮਾਨ ਸਾਬ ਨੂੰ ਪੰਜਾਬ ਦੇ ਲਾਅ ਐਂਡ ਆਰਡਰ ਦੀ ਬਦਤਰ ਹੁੰਦੀ ਸਥਿਤੀ ਦਾ ਪ੍ਰਬੰਧ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਸੂਬੇ ਦੀ ਜਨਤਾ ਵੱਲੋਂ ਦਿੱਤਾ ਟੈਕਸ ਮਾਨ ਸਰਕਾਰ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ‘ਚ ਇਸ਼ਤਿਹਾਰਾਂ ‘ਤੇ ਖਰਚ ਦਿੱਤਾ ਹੈ। ਉਨ੍ਹਾਂ ਮਾਨ ‘ਤੇ ਤੰਜ ਕਸਦਿਆਂ ਕਿਹਾ ਕਿ ਕੀ ਅਸੀਂ ਸੂਬੇ ਦੀ ਜਨਤਾ ਨੂੰ ਕਹੀਏ ਕਿ ਟੈਕਸ ਨਾ ਭਰੋ। ਹੁਣ ਪੰਜਾਬ ਨੂੰ ਦਿੱਲੀ (ਕੇਜਰੀਵਾਲ) ਤੋਂ ਮੁਕਤ ਕਰਵਾਉਣ ਲਈ ਮੋਰਚਾ ਸ਼ੁਰੂ ਕਰਨ ਦੀ ਲੋੜ ਹੈ।