ਬਟਾਲਾ ਦੇ ਪਿੰਡ ਮਿਸ਼ਰਪੁਰਾ ਨੇੜੇ ਇਕ ਆਲਟੋ ਕਾਰ ਤੇ ਟਿੱਪਰ ਦਰਮਿਆਨ ਹੋਈ ਆਹਮੋ-ਸਾਹਮਣੀ ਟੱਕਰ ਵਿਚ ਇਕੋ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਤਿੰਨ ਸਾਲਾਂ ਦੀ ਬੱਚੀ ਵੀ ਸ਼ਾਮਲ ਹੈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਟਿੱਪਰ ਦੇ ਹੇਠਾਂ ਫਸ ਗਈ ਅਤੇ ਕਾਰ ਵਿੱਚ ਸਵਾਰ ਚਾਰ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਬੱਚੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਸ਼ੂ ਸਿੰਘ ਵਾਸੀ ਬਟਾਲਾ, ਸ਼ਿੰਦਰ ਕੌਰ ਪਤਨੀ ਸੋਹਣ ਸਿੰਘ, ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ, ਗਗਨਜੋਤ ਕੌਰ ਪਤਨੀ ਪਰਮਜੀਤ ਸਿੰਘ ਤੇ ਸੀਰਤ ਕੌਰ (3) ਪੁੱਤਰੀ ਬਲਵੰਤ ਸਿੰਘ ਸਾਰੇ ਵਾਸੀ ਪਿੰਡ ਚਾਹਲ ਕਲਾਂ ਵਜੋਂ ਹੋਈ ਹੈ। ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਹੇਠ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਕਾਰ ਵਿੱਚ ਦੋ ਬੱਚਿਆਂ ਸਣੇ ਕੁੱਲ ਚਾਰ ਜਣੇ ਸਵਾਰ ਸਨ, ਜਿਨ੍ਹਾਂ ਵਿੱਚ ਸ਼ਿੰਦਰ ਕੌਰ, ਉਸ ਦਾ ਪੁੱਤਰ ਪਰਮਜੀਤ ਤੇ ਨੂੰਹ ਗਗਨਜੋਤ ਕੌਰ, ਉਨ੍ਹਾਂ ਦਾ ਰਿਸ਼ਤੇਦਾਰ ਆਸ਼ੂ ਸਿੰਘ, ਪਿੰਡ ਦੇ ਦੋ ਵਸਨੀਕਾਂ ਦੇ ਬੱਚੇ ਸੀਰਤ ਕੌਰ ਤੇ ਗੋਪਾਲ ਸਿੰਘ ਸ਼ਾਮਲ ਸਨ। ਕਾਰ ਆਸ਼ੂ ਸਿੰਘ ਚਲਾ ਰਿਹਾ ਸੀ ਤੇ ਉਹ ਪੀੜਤ ਪਰਿਵਾਰ ਦਾ ਨੇੜਲਾ ਰਿਸ਼ਤੇਦਾਰ ਸੀ। ਸਾਰੇ ਬਟਾਲਾ ਵਿੱਚ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਪਿੰਡ ਪਰਤ ਰਹੇ ਸਨ, ਜਦੋਂ ਪਿੰਡ ਮਿਸ਼ਰਪੁਰਾ ਨੇੜੇ ਪੈਟਰੋਲ ਪੰਪ ਸਾਹਮਣੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਾਹਮਣੇ ਜਾ ਰਹੇ ਮੋਟਰਸਾਈਕਲ ਵਿੱਚ ਵੱਜੀ, ਜਿਸ ਕਾਰਨ ਰਮਨਦੀਪ ਸਿੰਘ ਵਾਸੀ ਪਿੰਡ ਚਾਹਲ ਕਲਾਂ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮਗਰੋਂ ਕਾਰ ਸਾਹਮਣੇ ਤੋਂ ਆ ਰਹੇ ਟਿੱਪਰ ਵਿੱਚ ਜਾ ਵੱਜੀ।