ਭਾਰਤ ਵਿਚੋਂ ਅਲੋਪ ਹੋ ਰਹੇ ਚੀਤਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਦੱਖਣੀ ਅਫਰੀਕਾ ਨਾਲ ਇਕ ਅਹਿਮ ਸਮਝੌਤੇ ਉਤੇ ਹਸਤਾਖ਼ਰ ਕੀਤੇ ਹਨ। ਇਹ ਸਮਝੌਤਾ 8 ਤੋਂ 10 ਸਾਲਾਂ ਲਈ ਹੈ। ਇਸ ਸਮਝੌਤੇ ਤਹਿਤ ਦੱਖਣੀ ਅਫਰੀਕਾ ਹਰ ਸਾਲ 12 ਚੀਤੇ ਭਾਰਤ ਨੂੰ ਦਵੇਗਾ। ਫਰਵਰੀ ‘ਚ ਫਿਲਹਾਲ ਭਾਰਤ ਨੂੰ 12 ਚੀਤੇ ਮਿਲਣ ਜਾ ਰਹੇ ਹਨ। ਇਸ ਦੀ ਪੁਸ਼ਟੀ ਵਾਤਾਵਰਣ ਵਿਭਾਗ ਨੇ ਕੀਤੀ ਹੈ। ਲਗਭਗ 70 ਸਾਲ ਪਹਿਲਾਂ ਭਾਰਤ ਵਿੱਚੋਂ ਚੀਤੇ ਲਗਭਗ ਅਲੋਪ ਹੋ ਗਏ ਸਨ। ਕਾਬਿਲੇਗੌਰ ਹੈ ਕਿ ਪਿਛਲੇ ਸਾਲ ਨਾਮੀਬੀਆ ਤੋਂ ਵੀ ਚੀਤੇ ਲਿਆਂਦੇ ਗਏ ਸਨ। ਸਤੰਬਰ 2022 ‘ਚ ਅੱਠ ਚੀਤੇ ਨਾਮੀਬੀਆ ਤੋਂ 5,000 ਮੀਲ (8,000 ਕਿਲੋਮੀਟਰ) ਦੀ ਯਾਤਰਾ ਕਰਨ ਤੋਂ ਬਾਅਦ ਭਾਰਤ ਲਿਆਂਦੇ ਗਏ ਸਨ। ਉਨ੍ਹਾਂ ਨੂੰ ਭਾਰਤ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਛੱਡਿਆ ਗਿਆ ਸੀ। ਸਾਰੇ ਚੀਤਿਆਂ ਨੂੰ ਇਕ ਵਿਸ਼ੇਸ਼ ਉਡਾਣ ਰਾਹੀਂ ਲਿਆਂਦਾ ਗਿਆ ਸੀ। ਪਹਿਲੀ ਵਾਰ ਜੰਗਲੀ ਚੀਤਿਆਂ ਨੂੰ ਇਕ ਟਾਪੂ ਤੋਂ ਦੂਜੇ ਟਾਪੂ ‘ਤੇ ਭੇਜਿਆ ਗਿਆ ਸੀ। ਦੱਖਣੀ ਅਫਰੀਕਾ ਦੇ ਵਾਤਾਵਰਣ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ ਕਿ ਸ਼ੁਰੂਆਤ ‘ਚ ਫਰਵਰੀ 2023 ‘ਚ 12 ਚੀਤੇ ਭਾਰਤ ਭੇਜੇ ਜਾਣਗੇ। ਇਹ ਸਾਰੇ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨਾਲ ਰਹਿਣਗੇ। ਵਿਭਾਗ ਨੇ ਕਿਹਾ ਕਿ ਅਗਲੇ ਅੱਠ ਤੋਂ ਦਸ ਸਾਲਾਂ ‘ਚ ਹਰ ਸਾਲ 12 ਚੀਤੇ ਭਾਰਤ ਭੇਜੇ ਜਾਣਗੇ। 17 ਸਤੰਬਰ ਨੂੰ ਨਾਮੀਬੀਆ ਤੋਂ ਲਿਆਂਦੇ ਗਏ ਤੇ ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ‘ਚ ਰੱਖੇ ਗਏ ਚੀਤੇ ਫਰਵਰੀ ‘ਚ ਜੰਗਲ ‘ਚ ਛੱਡ ਦਿੱਤੇ ਜਾਣਗੇ। ਇਨ੍ਹਾਂ ਵਿਚ 8 ਚੀਤੇ ਜਿਨ੍ਹਾਂ ਵਿੱਚ 3 ਨਰ ਅਤੇ 5 ਮਾਦਾ ਹਨ। ਪਾਰਕ ਮੈਨੇਜਮੈਂਟ ਚੀਤਾ ਟਾਸਕ ਫੋਰਸ ਤੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵੱਡੇ ਬਾੜੇ ਵਿਚ ਰਹਿ ਰਹੇ ਚੀਤਿਆਂ ਨੂੰ ਖੁੱਲ੍ਹੇ ਵਿਚ ਛੱਡਣ ਦੇ ਨਾਲ ਹੀ ਸੈਲਾਨੀ ਦੇ ਲਿਹਾਜ ਨਾਲ ਪਾਰਕ ਵਿਚ ਤਿਆਰੀਆਂ ਅੰਤਿਮ ਪੜਾਅ ਵਿਚ ਹਨ। ਕੁਨੋ ਨੈਸ਼ਨਲ ਪਾਰਕ ਦੇ ਡੀਐਫਓ ਪ੍ਰਕਾਸ਼ ਕੁਮਾਰ ਵਰਮਾ ਨੇ ਦੱਸਿਆ ਕਿ ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਵਿੱਚੋਂ ਇਕ ਦੀ ਹਾਲਤ ਠੀਕ ਨਹੀਂ ਹੈ। ਉਸ ਦੇ ਗੁਰਦੇ ਵਿੱਚ ਇਨਫੈਕਸ਼ਨ ਪਈ ਗਈ ਹੈ। ਰੁਟੀਨ ਨਿਗਰਾਨੀ ਦੌਰਾਨ ਮਾਦਾ ਚੀਤਾ ਨੇ ਥਕਾਵਟ ਅਤੇ ਕਮਜ਼ੋਰੀ ਦੇ ਲੱਛਣ ਦਿਸੇ ਸਨ। ਉਸ ਨੂੰ ਤੁਰੰਤ ਸ਼ਿਫਟ ਕਰ ਦਿੱਤਾ ਗਿਆ ਹੈ। ਨਾਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਨੂੰ ਪੜਾਅਵਾਰ ਢੰਗ ਨਾਲ ਇਕ ਛੋਟੇ ਘੇਰੇ ਤੋਂ 500 ਹੈਕਟੇਅਰ ਦੇ ਵੱਡੇ ਘੇਰੇ ‘ਚ ਛੱਡਿਆ ਗਿਆ ਹੈ। ਹਾਲਾਂਕਿ ਚੀਤਿਆਂ ਨੂੰ ਵੱਡੇ ਘੇਰੇ ਤੋਂ ਖੁੱਲ੍ਹੇ ਜੰਗਲ ‘ਚ ਛੱਡਣ ਦੀ ਤਰੀਕ ਤੈਅ ਨਹੀਂ ਹੈ ਪਰ ਫਰਵਰੀ ਮਹੀਨੇ ‘ਚ ਚੀਤਿਆਂ ਨੂੰ ਖੁੱਲ੍ਹੇ ‘ਚ ਛੱਡਣ ਦੀ ਯੋਜਨਾ ਦੇ ਮੱਦੇਨਜ਼ਰ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੈਰ ਸਪਾਟੇ ਦੀ ਸ਼ੁਰੂਆਤ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਕੁਨੋ ਪਾਰਕ ਦਾ ਟਿਕਟੋਲੀ ਗੇਟ, ਜੋ ਪਿਛਲੇ ਸੀਜ਼ਨ ਤੋਂ ਬੰਦ ਸੀ, ਹੁਣ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ।