ਪੰਜਾਬ ਦੇ ਵੱਖ-ਵੱਖ ਪਿੰਡਾਂ ਚ ਨਸ਼ੇ ਤੋਂ ਤੰਗ ਆ ਕੇ ਲੋਕਾਂ ਤੇ ਪੰਚਾਇਤਾਂ ਨੇ ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮਤੇ ਪਾਸ ਕੀਤੇ ਹਨ। ਬਰਨਾਲਾ ਪੁਲਿਸ ਦੇ ਮੁਖੀ ਸੰਦੀਪ ਮਲਿਕ ਵੱਲੋਂ ਪੱਖੋ ਕੈਂਚੀਆਂ ’ਚ ਇਲਾਕੇ ਦੇ ਪੰਚਾਂ-ਸਰਪੰਚਾਂ ਨਾਲ ਨਸ਼ਿਆਂ ਦੇ ਸਬੰਧ ’ਚ ਭਰਵੀਂ ਮੀਟਿੰਗ ਕੀਤੀ, ਉਨ੍ਹਾਂ ਨੂੰ ਆ ਰਹੀਆਂ ਨਸ਼ੇ ਦੇ ਸਬੰਧ ’ਚ ਮੁਸ਼ਕਿਲਾਂ ਬਾਰੇ ਚਰਚਾ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਲੋਕਾਂ ਨੂੰ ਖੁੱਲ੍ਹੇਆਮ ਪੁਲਿਸ ਕਰਮਚਾਰੀਆਂ ਦੀ ਰਿਪੋਰਟ ਵੀ ਲਈ ਗਈ ਅਤੇ ਨਸ਼ੇ ਦੇ ਸਬੰਧ ’ਚ ਕਿਸੇ ਵੀ ਸ਼ਿਕਾਇਤ ਵਾਸਤੇ ਉਨ੍ਹਾਂ ਨੇ ਆਪਣਾ ਯੋਗਦਾਨ 24 ਘੰਟੇ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਜਿਥੇ ਅਮਨ-ਕਾਨੂੰਨ ਦੀ ਸਥਾਪਤੀ ਲਈ ਕੰਮ ਕਰ ਰਹੀ ਹੈ, ਉਥੇ ਪੁਲਿਸ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਅਤੇ ਤੋੜਨ ਲਈ ਵੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ’ਚ ਕਿਸੇ ਸਮਾਜ ਵਿਰੋਧੀ ਕਾਰਵਾਈ ਨਸ਼ਿਆਂ ਦੀ ਸਪਲਾਈ ਸੇਵਨ ਆਦਿ ਬਾਰੇ ਪਤਾ ਲੱਗਦਾ ਹੈ, ਉਹ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਜ਼ਰੂਰ ਦੇਣ। ਤਾਂ ਜੋ ਨਸ਼ੇ ਦਾ ਧੰਦਾ ਕਰਨ ਵਾਲਿਆਂ ਦਾ ਸਮਾਜ ’ਚੋਂ ਸਫ਼ਾਇਆ ਕੀਤਾ ਜਾ ਸਕੇ। ਉਨ੍ਹਾਂ ਮੀਟਿੰਗ ਦੌਰਾਨ ਭ੍ਰਿਸ਼ਟਾਚਾਰ ਪ੍ਰਤੀ ਆਪਣੇ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਦੁਹਰਾਉਂਦਿਆ ਸਰਪੰਚਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਉਨ੍ਹਾਂ ਕੋਲੋਂ ਪੁਲਿਸ ਦੇ ਨਾਂ ’ਤੇ ਪੈਸੇ ਮੰਗਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਮੈਨੂੰ ਦਿੱਤੀ ਜਾਵੇ ਅਤੇ ਜੇਕਰ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੰਚਾਂ ਅਤੇ ਸਰਪੰਚਾਂ ਨੇ ਸਹੁੰ ਵੀ ਖਾਧੀ ਕਿ ਨਾ ਕਿਸੇ ਵਿਅਕਤੀ ਨੂੰ ਨਸ਼ਾ ਕਰਨ ਦੇਵਾਂਗੇ, ਨਾ ਹੀ ਕਿਸੇ ਨੂੰ ਨਸ਼ਾ ਵੇਚਣ ਦੇਵਾਂਗੇ। ਇਸ ਮੌਕੇ 30 ਪਿੰਡਾਂ ਨੇ ਨਸ਼ਿਆਂ ਵਿਰੁੱਧ ਪੁਲਿਸ ਦਾ ਸਾਥ ਦੇਣ ਦਾ ਮਤਾ ਪਾਸ ਕੀਤਾ ਅਤੇ ਤਿੰਨ ਪਿੰਡ ਪੱਖੋਕੇ, ਟੱਲੇਵਾਲ ਅਤੇ ਪੱਤੀ ਸੇਖਵਾਂ ਨੇ ਮਤਾ ਪਾਇਆ ਕਿ ਸਾਡੇ ਪਿੰਡ ਨਸ਼ਾ-ਮੁਕਤ ਹਨ। ਇਸ ਮੌਕੇ ਐੱਸ. ਪੀ. ਡੀ. ਰਮਨੀਸ਼ ਚੌਧਰੀ, ਡੀ. ਐੱਸ. ਪੀ. ਸਤਵੀਰ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੋਂ ਇਲਾਵਾ ਸਰਪੰਚ ਜਗਤਾਰ ਸਿੰਘ, ਗੁਰਚਰਨ ਸਿੰਘ, ਰਾਜਵਿੰਦਰ ਸਿੰਘ, ਜਗਜੀਤ ਸਿੰਘ, ਹਰਸ਼ਰਨ ਸਿੰਘ, ਤਰਨਜੀਤ ਸਿੰਘ, ਗੁਰਮੁਖ ਸਿੰਘ, ਰੂਪ ਸਿੰਘ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਹਾਜ਼ਰੀ ਲਗਵਾਈ।