ਅੰਮ੍ਰਿਤਪਾਲ ਸਿੰਘ ‘ਤੇ ਵੱਡੀ ਕਾਰਵਾਈ, ਇੰਸਟਾਗ੍ਰਾਮ ਅਕਾਊਂਟ ਕੀਤਾ ਗਿਆ ਬੈਨ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ। ਅਜਨਾਲਾ ਵਿਚ ਪੁਲਿਸ ਥਾਣੇ ‘ਤੇ ਹਮਲੇ ਦੇ ਬਾਅਦ ਅੰਮ੍ਰਿਤਪਾਲ ਸਰਕਾਰ ਦੀ ਰਾਡਾਰ ‘ਤੇ ਸੀ। ਅੰਮ੍ਰਿਤਪਾਲ ਦੇ ਨਾਂ ਤੋਂ ਇੰਸਟਾਗ੍ਰਾਮ ‘ਤੇ 35 ਅਕਾਊਂਟ ਹਨ, ਇਨ੍ਹਾਂ ਵਿਚੋਂ ਬਲਿਊ ਟਿਕ ਵਾਲੇ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਵਰਿੰਦਰ ਸਿੰਘ ਨੇ ਲਵਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਣੇ ਉਸ ਦੇ 30 ਸਮਰਥਕਾਂ ‘ਤੇ ਅਗਵਾ ਤੇ ਮਾਰਕੁੱਟ ਦੀ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਬਾਅਦ ਲਵਪ੍ਰੀਤ ਤੇ ਇਕ ਹੋਰ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਕ ਮੁਲਜ਼ਮ ਨੂੰ ਤਾਂ ਪੁਲਿਸ ਨੇ ਪਹਿਲਾਂ ਹੀ ਰਿਹਾਅ ਕਰ ਦਿੱਤਾ ਸੀ ਪਰ ਲਵਪ੍ਰੀਤ ਨੂੰ ਰਿਹਾਅ ਕਰਨ ਲਈ ਅੰਮ੍ਰਿਤਪਾਲ ਨੇ ਥਾਣੇ ਦੇ ਬਾਹਰ ਧਰਨੇ ਦੀ ਚੇਤਾਵਨੀ ਦਿੱਤੀ। ਅੰਮ੍ਰਿਤਪਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਆਪਣੇ ਸਮਰਥਕਾਂ ਸਣੇ ਥਾਣੇ ਪਹੁੰਚਿਆ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਬੈਰੀਕੇਡ ਤੋੜ ਦਿੱਤੇ ਤੇ ਤਲਵਾਰਾਂ ਤੇ ਬੰਦੂਕਾਂ ਨਾਲ ਥਾਣੇ ‘ਤੇ ਹਮਲਾ ਕਰ ਦਿੱਤਾ ਜਿਸ ਵਿਚ ਐੱਸਪੀ ਸਣੇ 6 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਦੇ ਬਾਅਦ ਕਈ ਘੰਟੇ ਥਾਣੇ ਦੇ ਬਾਹਰ ਡਟੇ ਰਹੇ। ਅੰਮ੍ਰਿਤਪਾਲ ਸਿੰਘ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਵੀ ਦਿੱਤੀ ਸੀ। ਉਸ ਨੇ ਕਿਹਾ ਕਿ ਸ਼ਾਹ ਦਾ ਹਾਲ ਵੀ ਸਾਬਕਾ ਮੰਤਰੀ ਇੰਦਰਾ ਗਾਂਧੀ ਵਰਗਾ ਹੋਵੇਗਾ। 1984 ਵਿਚ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਬਾਡੀਗਾਰਡ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਾਹ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਵਿਚ ਖਾਲਿਸਤਾਨੀ ਸਮਰਥਕਾਂ ‘ਤੇ ਸਾਡੀ ਸਖਤ ਨਜ਼ਰ ਹੈ।

Leave a Reply

Your email address will not be published. Required fields are marked *