ਅੱਜ ਤੜਕੇ ਸੰਨੀ ਇੰਨਕਲੇਵ ਖਰੜ ਦੇ 123 ਸੈਕਟਰ ਦੀ ਬੰਦ ਪਈ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਦਿਆ ਕੋਠੀ ਵਿੱਚੋਂ 16 ਲੱਖ ਰੁਪਏ ਤੇ 15 ਤੋਲੇ ਸੋਨਾ ਚੋਰੀ ਕਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫਤੀਸ਼ੀ ਅਫਸਰ ਥਾਣੇਦਾਰ ਕੇਵਲ ਕ੍ਰਿਸਨ ਨੇ ਦੱਸਿਆ ਕਿ ਨਰੇਸ਼ ਗੁਪਤਾ ਵਾਸੀ ਕੋਠੀ ਨੰਬਰ 208 ਸੈਕਟਰ 123 ਸੰਨੀ ਇੰਨਕਲੇਵ ਜੋਕਿ ਬੈਂਕ ਵਿੱਚੋਂ ਰਿਟਾਇਰ ਹੋਏ ਹੋਏ ਹਨ ਜਿਨ੍ਹਾਂ ਦੇ ਬੇਟੇ ਦਾ ਕੁਝ ਦਿਨਾਂ ਵਿੱਚ ਵਿਆਹ ਰੱਖਿਆ ਹੋਇਆ ਸੀ ਜਿਸ ਕਰਕੇ ਉਨ੍ਹਾਂ ਦੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਉਨ੍ਹਾਂ ਦਸਿਆ ਕਿ ਉਹ ਆਪਣੇ ਘਰ ਨੂੰ ਤਾਲਾ ਲਗਾਕੇ ਕਿਸੇ ਕੰਮ ਤੋਂ ਦਿੱਲੀ ਗਏ ਹੋਏ ਸਨ ਤੇ ਉਨ੍ਹਾਂ 25 ਫ਼ਰਵਰੀ ਨੂੰ ਵਾਪਸ ਆਉਣਾ ਸੀ ਪਰ ਬੀਤੀ ਰਾਤ ਉਨ੍ਹਾਂ ਦੇ ਘਰ ਲੱਗੇ ਸੀ.ਸੀ ਟੀ.ਵੀ ਕੈਮਰੇ ਜਿਹੜੇ ਕਿ ਫੋਨ ਨਾਲ ਜੁੜੇ ਹੋਏ ਸਨ ਬੰਦ ਹੋ ਗਏ ਜਿਸ ਤੇ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ ਤੇ ਉਹ ਅੱਜ ਸਵੇਰੇ 6 ਵਜੇ ਆਪਣੇ ਘਰ ਪਹੁੰਚ ਗਏ ਜਿਥੇ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਖਿਲਰਿਆਂ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਪਈ 16 ਲੱਖ ਰੁਪਏ ਦੇ ਕਰੀਬ ਨਕਦੀ ,15-16 ਤੋਲੇ ਸੋਨਾ ਤੇ ਨਵੇ ਕੱਪੜੇ ਚੋਰੀ ਕਰਕੇ ਲੈ ਗਏ। ਉਨ੍ਹਾਂ ਤੁਰੰਤ ਇਸ ਘਟਨਾ ਦੀ ਜਾਣਕਾਰੀ ਖਰੜ ਪੁਲਿਸ ਨੂੰ ਦਿੱਤੀ ਜਿਸ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਉਨ੍ਹਾਂ ਚੋਰਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਬੁਲਾ ਫਿੰਗਰ ਪ੍ਰਿੰਟ ਵੀ ਲਏ ਗਏ। ਪੁਲਿਸ ਵੱਲੋਂ ਨੇੜਲੇ ਕੈਮਰਿਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁਧ 380, 454 ਆਈ.ਪੀ.ਸੀ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਜਾਂਚ ਆਰੰਭ ਕਰ ਦਿੱਤੀ ਗਈ ਹੈ।