ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਉਨ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਕੇ ਮੱਥਾ ਟੇਕਿਆ। ਇਸ ਮਗਰੋਂ ਉਨ੍ਹਾਂ ਗੁਰੂ ਦੀ ਬਾਣੀ ਸਰਵਣ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਵਾਈ ਅੱਡੇ ’ਤੇ ਪਹੁੰਚਣ ‘ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਹੋਰ ਹਸਤੀਆਂ ਨੇ ਸਵਾਗਤ ਕੀਤਾ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਸ਼ਹਿਰ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਆਪਣੇ 4 ਘੰਟੇ ਦੇ ਅੰਮ੍ਰਿਤਸਰ ਦੌਰੇ ਦੌਰਾਨ ਰਾਸ਼ਟਰਪਤੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮਤੀਰਥ ਦੇ ਦਰਸ਼ਨ ਕਰਨਗੇ। ਜਿਸ ਕਾਰਨ ਦੁਪਹਿਰ 1 ਤੋਂ 4 ਵਜੇ ਤੱਕ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦ੍ਰੋਪਦੀ ਮੁਰਮੂ 12 ਵਜੇ ਤੱਕ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਰਹੀ ਹੈ। ਇਸ ਕਾਰਨ ਅੰਮ੍ਰਿਤਸਰ ਏਅਰਪੋਰਟ ਰੋਡ ਦੁਪਹਿਰ 12 ਤੋਂ 1 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12 ਤੋਂ 2 ਵਜੇ ਦਰਮਿਆਨ ਦੋ ਅੰਤਰਰਾਸ਼ਟਰੀ ਉਡਾਣਾਂ ਰਵਾਨਾ ਹੋਣਗੀਆਂ। ਜਿਸ ਕਾਰਨ ਏਅਰ ਇੰਡੀਆ ਨੇ ਵੀ ਯਾਤਰੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਤਰਨਤਾਰਨ ਤੋਂ ਆਉਣ ਵਾਲੀ ਟਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਰਾਵਲੇ ਪੁੱਲ, ਫਾਟਕ ਵੱਲ, ਅਜਨਾਲਾ ਤੋਂ ਸ਼ਹਿਰ ਵੱਲ ਆਉਣ ਵਾਲੀ ਟਰੈਫਿਕ ਨੂੰ ਰਾਜਾਸਾਂਸੀ ਤੋਂ, ਜੀ.ਟੀ.ਰੋਡ ਜਲੰਧਰ ਤੋਂ ਆਉਣ ਵਾਲੀ ਟਰੈਫਿਕ ਨੂੰ ਗੋਲਡਨ ਗੇਟ ਤੋਂ ਵੱਲਾ-ਵੇਰਕਾ ਬਾਈਪਾਸ ਵੱਲ ਮੋੜਿਆ ਜਾਵੇਗਾ। ਅੰਮ੍ਰਿਤਸਰ ਪੁਲਿਸ ਦੇ ਡਿਪਟੀ ਸੁਪਰੀਡੈਂਟ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਆਮਦ ‘ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਸਮੱਸਿਆ ਦੇ ਮੱਦੇਨਜ਼ਰ ਹੇਠਲੀਆਂ ਥਾਵਾਂ ਤੋਂ ਆਵਾਜਾਈ ਨੂੰ ਮੋੜ ਦਿੱਤਾ ਜਾਵੇਗਾ। ਰਾਜਾਸਾਂਸੀ ਸਟਾਪ, ਮੀਰਾਂਕੋਟ ਚੌਕ, ਗੁਮਟਾਲਾ ਬਾਈਪਾਸ, ਮੋੜ ਰਣਜੀਤ ਐਵੀਨਿਊ, ਦੋਆਬਾ ਚੌਕ, ਅਸ਼ੋਕ ਚੌਕ, ਭੰਡਾਰੀ ਪੁਲ ਹਾਲਗੇਟ, ਖਜ਼ਾਨਾ-ਲੋਹਗੜ੍ਹ ਫਾਟਕ, ਸੁਲਤਾਨਵਿੰਡ ਰੋਡ, ਰੇਲਵੇ ਸਟੇਸ਼ਨ, ਮਹਿਲ ਬਾਈਪਾਸ, ਪੁਲ ਕੋਟ ਰਾਈਲ ਸਿੰਘ ਤੋਂ ਟ੍ਰੈਫਿਕ ਨੂੰ ਮੋੜਿਆ ਜਾਵੇਗਾ।