ਮਣੀਪੁਰ ਵਿਚ ਸਰਕਾਰ ਨੇ ਹਿੰਸਾ ਵਿਚ ਸ਼ਾਮਲ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿਤੇ ਹਨ। ਇਸ ਤੋਂ ਪਹਿਲਾਂ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਧਾਰਾ 144 ਲਗਾਈ ਗਈ ਸੀ। ਸੂਬੇ ‘ਚ ਅਗਲੇ 5 ਦਿਨਾਂ ਲਈ ਇੰਟਰਨੈੱਟ ਸੇਵਾ ਮੁਅੱਤਲ ਕਰ ਦਿਤੀ ਗਈ ਹੈ। ਦਰਅਸਲ ਬੁੱਧਵਾਰ ਨੂੰ ਆਦਿਵਾਸੀਆਂ ਦੇ ਪ੍ਰਦਰਸ਼ਨ ਦੌਰਾਨ ਹਿੰਸਾ ਹੋਈ ਸੀ। ਇਸ ਤੋਂ ਬਾਅਦ 8 ਜ਼ਿਲ੍ਹਿਆਂ ‘ਚ ਕਰਫਿਊ ਲਗਾ ਦਿਤਾ ਗਿਆ। ਫੌਜ ਅਤੇ ਅਸਾਮ ਰਾਈਫਲਜ਼ ਦੀਆਂ 55 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 9000 ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ। ਬੀਰੇਨ ਸਿੰਘ ਨੇ ਅੱਜ ਸਵੇਰੇ ਇਕ ਵੀਡੀਉ ਸੰਦੇਸ਼ ਜਾਰੀ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਕੇਂਦਰ ਨੇ ਉਤਰ-ਪੂਰਬੀ ਰਾਜ ਦੇ ਹਿੰਸਾ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤੀ ਲਈ ਆਰ.ਏ.ਐਫ. ਦੀਆਂ ਟੀਮਾਂ ਵੀ ਭੇਜੀਆਂ ਹਨ। ਸੂਤਰਾਂ ਅਨੁਸਾਰ ਆਰ.ਏ.ਐਫ. ਦੀਆਂ ਪੰਜ ਕੰਪਨੀਆਂ ਨੂੰ ਇਮਫ਼ਾਲ ਭੇਜ ਦਿਤਾ ਗਿਆ ਹੈ, ਜਦਕਿ 15 ਹੋਰ ਜਨਰਲ ਡਿਊਟੀ ਕੰਪਨੀਆਂ ਨੂੰ ਸੂਬੇ ਵਿਚ ਤਾਇਨਾਤੀ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਗੈਰ-ਆਦਿਵਾਸੀ ਮੇਇਤੀ ਭਾਈਚਾਰੇ ਲਈ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੁਧ ਚੂਰਾਚੰਦਪੁਰ ਜ਼ਿਲੇ ਦੇ ਟੋਰਬੰਗ ਖੇਤਰ ਵਿਚ ‘ਆਲ ਕਬਾਇਲੀ ਸਟੂਡੈਂਟਸ ਯੂਨੀਅਨ ਮਨੀਪੁਰ’ (ਏ.ਟੀ.ਐਸ.ਯੂ.ਐਮ.) ਵਲੋਂ ਸਦੇ ਗਏ ‘ਕਬਾਇਲੀ ਏਕਤਾ ਮਾਰਚ’ ਦੌਰਾਨ ਬੁੱਧਵਾਰ ਹਿੰਸਾ ਭੜਕ ਗਈ। ਮਣੀਪੁਰ ਹਾਈ ਕੋਰਟ ਵਲੋਂ ਪਿਛਲੇ ਮਹੀਨੇ ਮੇਇਤੀ ਭਾਈਚਾਰੇ ਵਲੋਂ ਐਸ.ਟੀ. ਦਰਜਾ ਦੇਣ ਦੀ ਮੰਗ ’ਤੇ ਰਾਜ ਸਰਕਾਰ ਨੂੰ ਚਾਰ ਹਫ਼ਤਿਆਂ ਦੇ ਅੰਦਰ ਕੇਂਦਰ ਨੂੰ ਸਿਫਾਰਸ਼ ਭੇਜਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਮਾਰਚ ਦਾ ਆਯੋਜਨ ਕੀਤਾ ਗਿਆ ਸੀ। ਪੁਲਿਸ ਅਨੁਸਾਰ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬਾਂਗ ਇਲਾਕੇ ਵਿਚ ਇਕ ਮਾਰਚ ਦੌਰਾਨ ਹਥਿਆਰਬੰਦ ਵਿਅਕਤੀਆਂ ਦੀ ਭੀੜ ਨੇ ਕਥਿਤ ਤੌਰ ‘ਤੇ ਮੇਇਤੀ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲਾ ਕਰ ਦਿਤਾ, ਜਵਾਬੀ ਕਾਰਵਾਈ ਦੇ ਨਾਲ ਹੀ ਮੇਇਤੀ ਭਾਈਚਾਰੇ ਦੇ ਮੈਂਬਰਾਂ ਨੇ ਵੀ ਹਮਲੇ ਕੀਤੇ, ਜਿਸ ਨਾਲ ਸੂਬੇ ਭਰ ਵਿਚ ਹਿੰਸਾ ਭੜਕ ਗਈ। ਉਨ੍ਹਾਂ ਕਿਹਾ ਕਿ ਤੋਰਬੰਗ ਵਿਚ ਤਿੰਨ ਘੰਟੇ ਤੋਂ ਵੱਧ ਸਮੇਂ ਤਕ ਚਲੀ ਹਿੰਸਾ ਵਿਚ ਕਈ ਦੁਕਾਨਾਂ ਅਤੇ ਘਰਾਂ ਦੀ ਭੰਨਤੋੜ ਕੀਤੀ ਗਈ ਅਤੇ ਅੱਗਜ਼ਨੀ ਵੀ ਕੀਤੀ ਗਈ।