ਜਲੰਧਰ: ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ‘ਤੇ ਡਾਇਰੈਕਟਰ ਲੈਂਡ ਰਿਕਾਰਡ ਅਤੇ ਸਪੋਰਟਸ ਕਾਲਜ ਕੰਪਲੈਕਸ ਵਿਖੇ ਬਣਾਏ ਗਏ ਕਾਊਂਟਿੰਗ ਕੇਂਦਰ ‘ਚ ਕੀਤੀ ਜਾ ਰਹੀ ਹੈ। ਇਸ ਚੋਣ ਵਿਚ 19 ਵੱਖ-ਵੱਖ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਅਪਣੀ ਸਿਆਸੀ ਕਿਸਮਤ ਅਜ਼ਮਾਈ ਹੈ, ਜਿਸ ਦਾ ਫ਼ੈਸਲਾ ਅੱਜ ਹੋਵੇਗਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਇਸ ਵੇਲੇ ਉਹ ਕਾਂਗਰਸ ਤੋਂ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਹਨ। ਇਸ ਸੀਟ ‘ਤੇ ‘ਆਪ’ ਅਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ ਚੱਲ ਰਹੀ ਹੈ। ਹੁਣ ਤੱਕ ‘ਆਪ’ ਦੇ ਰਿੰਕੂ ਨੂੰ 69280, ਕਾਂਗਰਸ ਦੇ ਕਰਮਜੀਤ ਕੌਰ ਨੂੰ 61644, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 39753 ਅਤੇ ਅਕਾਲੀ-ਬਸਪਾ ਦੇ ਡਾ. ਸੁਖਵਿੰਦਰ ਸੁੱਖੀ ਨੂੰ 30919 ਵੋਟਾਂ ਮਿਲੀਆਂ ਹਨ। ਹੁਣ ਤੱਕ 213886 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਵੋਟਿੰਗ ਤੋਂ ਬਾਅਦ ਸਾਰੀਆਂ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਨੂੰ ਇਥੇ ਸਟਰਾਂਗ ਰੂਮ ਵਿਚ ਰੱਖਿਆ ਗਿਆ ਸੀ। ਜਿਸ ਦੇ ਆਲੇ-ਦੁਆਲੇ ਤਿੰਨ-ਪੱਧਰੀ ਸੁਰੱਖਿਆ ਲਗਾਈ ਗਈ ਸੀ। ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਇਥੇ ਤਾਇਨਾਤ ਕੀਤੇ ਗਏ ਹਨ। ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ, ਕਾਂਗਰਸ ਨੇ ਕਰਮਜੀਤ ਕੌਰ ਚੌਧਰੀ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੇ ਡਾ. ਸੁਖਵਿੰਦਰ ਸਿੰਘ ਅਤੇ ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨਿਆ ਸੀ।