ਹਿਮਾਚਲ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਨੇ ਸਿਸਟਮ ਨੂੰ ਬਦਲਣ ਦਾ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਸਰਕਾਰ ਨੇ ਸੂਬੇ ਵਿਚ ਹੋਟਲ, ਰੈਸਟੋਰੈਂਟ, ਢਾਬਿਆਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਬੰਦ ਕਰਨ ਲਈ ਨਿਰਧਾਰਤ ਸਮੇਂ ਵਿਚ ਢਿੱਲ ਦਿਤੀ ਹੈ। ਇਹ ਛੋਟ ਸੈਲਾਨੀਆਂ, ਆਮ ਨਾਗਰਿਕਾਂ ਅਤੇ ਹੋਰ ਹਿੱਸੇਦਾਰਾਂ ਦੀ ਸਹੂਲਤ ਲਈ ਦੁਕਾਨਾਂ ਅਤੇ ਸਥਾਪਨਾ ਐਕਟ-1969 ਦੀਆਂ ਵਿਵਸਥਾਵਾਂ ਤਹਿਤ ਦਿਤੀ ਗਈ ਹੈ, ਜਿਸ ਤਹਿਤ ਹੁਣ ਢਾਬਿਆਂ, ਰੈਸਟੋਰੈਂਟਾਂ, ਹੋਟਲਾਂ ਅਤੇ ਵਪਾਰਕ ਅਦਾਰਿਆਂ ਨੂੰ 24 ਘੰਟੇ ਖੁੱਲ੍ਹਾ ਰਖਿਆ ਜਾ ਸਕਦਾ ਹੈ। ਹਾਲਾਂਕਿ, ਇਹ ਦੁਕਾਨ ਮਾਲਕਾਂ ‘ਤੇ ਨਿਰਭਰ ਕਰੇਗਾ ਕਿ ਉਹ ਕਦੋਂ ਤੱਕ ਆਪਣੀ ਦੁਕਾਨ ਖੋਲ੍ਹਣਗੇ। ਦੁਕਾਨਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਲਈ ਉਨ੍ਹਾਂ ‘ਤੇ ਕੋਈ ਮਜਬੂਰੀ ਨਹੀਂ ਹੋਵੇਗੀ। ਸੂਬਾ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਸੂਬੇ ਦੇ ਲੋਕਾਂ ਨੂੰ ਮੌਜੂਦਾ ਸੈਰ-ਸਪਾਟਾ ਸੀਜ਼ਨ ਦਾ ਪੂਰਾ ਲਾਭ ਮਿਲੇ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਅਤੇ ਹੋਰ ਅਧਿਕਾਰੀਆਂ ਨੂੰ ਯੋਗ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਸੈਲਾਨੀਆਂ ਨੂੰ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਨੂੰ ਖਾਣ-ਪੀਣ ਦੀ ਭਾਲ ਵਿਚ ਦੇਰ ਰਾਤ ਤੱਕ ਭਟਕਣਾ ਨਹੀਂ ਪਵੇਗਾ। ਸੂਬੇ ਦੀ ਆਰਥਿਕਤਾ ਵਿਚ ਸੈਰ ਸਪਾਟਾ ਉਦਯੋਗ ਦੀ ਅਹਿਮ ਭੂਮਿਕਾ ਹੈ ਅਤੇ ਲੱਖਾਂ ਲੋਕ ਇਸ ਉਦਯੋਗ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਲਾਭ ਮਿਲੇਗਾ। ਮੁੱਖ ਮੰਤਰੀ ਮੀਡੀਆ ਦੇ ਮੁੱਖ ਸਲਾਹਕਾਰ ਨਰੇਸ਼ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਿਸਟਮ ਨੂੰ ਬਦਲਣ ਦਾ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਹੁਣ ਸੂਬੇ ਵਿਚ ਹੋਟਲ, ਰੈਸਟੋਰੈਂਟ, ਢਾਬੇ ਅਤੇ ਹੋਰ ਵਪਾਰਕ ਅਦਾਰੇ ਆਪਣੀ ਮਰਜ਼ੀ ਨਾਲ 24 ਘੰਟੇ ਖੁੱਲ੍ਹੇ ਰੱਖੇ ਜਾ ਸਕਣਗੇ।