ਭਾਰਤੀ ਰਿਜ਼ਰਵ ਬੈਂਕ ਨੇ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਜਿਸ ਦੇ ਮੁਤਾਬਕ ਵਿੱਤੀ ਸਾਲ 2022-23 ‘ਚ ਬਾਜ਼ਾਰਾਂ ‘ਚ 500 ਰੁਪਏ ਦੇ ਨਕਲੀ ਨੋਟਾਂ ‘ਚ 14.6 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਵਾਰ ਬੈਂਕਿੰਗ ਧੋਖਾਧੜੀ ਦੇ ਮਾਮਲੇ ਵੀ ਵਧੇ ਹਨ ਹਾਲ ਹੀ ‘ਚ ਦੇਸ਼ ਭਰ ‘ਚ 2000 ਰੁਪਏ ਦੇ ਨੋਟ ‘ਤੇ ਪਾਬੰਦੀ ਲਗਾਈ ਗਈ ਹੈ, ਇਸ ਨੂੰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਵੀ ਚਲ ਰਹੀ ਹੈ। ਦੂਜੇ ਪਾਸੇ ਮੰਗਲਵਾਰ ਨੂੰ ਆਰਬੀਆਈ ਵਲੋਂ ਜਾਰੀ ਰਿਪੋਰਟ ਵਿਚ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। 500 ਰੁਪਏ ਦੇ ਨੋਟ 14.6% ਵਧ ਕੇ 91,110 ਹੋ ਗਏ ਹਨ। ਇਸ ਦੇ ਨਾਲ ਹੀ 2000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ‘ਚ 28 ਫੀਸਦੀ ਦੀ ਗਿਰਾਵਟ ਆਈ ਹੈ, ਜੋ ਵਧ ਕੇ 9806 ਹੋ ਗਈ ਹੈ। 20 ਰੁਪਏ ਦੇ ਨਕਲੀ ਨੋਟਾਂ ‘ਚ 8.4 ਫੀਸਦੀ ਦਾ ਵਾਧਾ ਹੋਇਆ ਹੈ। 10 ਰੁਪਏ ਦੇ ਨੋਟ 11.6% ਅਤੇ 100 ਰੁਪਏ ਦੇ ਨੋਟਾਂ ਵਿਚ 14.7% ਦੀ ਗਿਰਾਵਟ ਦਰਜ ਕੀਤੀ ਗਈ ਹੈ। 30 ਮਈ ਨੂੰ ਜਾਰੀ ਰਿਪੋਰਟ ਵਿਚ ਆਰਬੀਆਈ ਨੇ ਕਿਹਾ ਕਿ ਸਾਲ 2022-23 ਵਿਚ ਬੈਂਕਿੰਗ ਧੋਖਾਧੜੀ ਦੇ ਅੰਕੜੇ ਵੱਧ ਕੇ 13,350 ਹੋ ਗਏ ਹਨ। ਇਹ ਮਾਮਲੇ ਵੱਧ ਤੋਂ ਵੱਧ ਡਿਜੀਟਲ ਭੁਗਤਾਨ ਨਾਲ ਸਬੰਧਤ ਹਨ। 2021-22 ਵਿਚ ਧੋਖਾਧੜੀ ਦੇ ਕੁੱਲ 9,097 ਮਾਮਲੇ ਸਾਹਮਣੇ ਆਏ। ਸਾਲ 2020-21 ਵਿਚ ਇਸਦਾ ਅੰਕੜਾ 7,338 ਸੀ। ਕੇਂਦਰੀ ਬੈਂਕ ਨੇ ਰਿਪੋਰਟ ‘ਚ ਇਹ ਵੀ ਕਿਹਾ ਹੈ ਕਿ ਜਨਤਕ ਖੇਤਰ ਦੇ ਬੈਂਕਾਂ ਦੇ ਮੁਕਾਬਲੇ ਨਿੱਜੀ ਬੈਂਕਾਂ ‘ਚ ਜ਼ਿਆਦਾ ਧੋਖਾਧੜੀ ਹੋਈ ਹੈ।