ਹੁਣ TV ਤੋਂ ਹੋਵੇਗੀ ਪੜ੍ਹਾਈ, ਕੇਂਦਰ ਵਲੋਂ ਲਾਂਚ ਕੀਤੇ ਜਾਣਗੇ CBSE ਦੇ 200 ਚੈਨਲ

ਪਿਛਲੇ ਕੁੱਝ ਸਾਲਾਂ ਵਿਚ ਭਾਰਤੀ ਸਿੱਖਿਆ ਪ੍ਰਣਾਲੀ ਵਿਚ ਬਹੁਤ ਬਦਲਾਅ ਆਇਆ ਹੈ। ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਹੁਣ ਹੁਨਰ ਅਧਾਰਤ ਸਿੱਖਿਆ ‘ਤੇ ਜ਼ਿਆਦਾ ਧਿਆਨ ਦਿਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਆਸਾਨ ਬਣਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ । ਸੀ.ਬੀ.ਐਸ.ਈ. ਬੋਰਡ ਵਿਦਿਆਰਥੀਆਂ ਨੂੰ ਘਰ ਬੈਠ ਕੇ ਪੜ੍ਹਾਈ ਕਰਨ ਦਾ ਵਿਕਲਪ ਪ੍ਰਦਾਨ ਕਰ ਰਿਹਾ ਹੈ। ਸਿੱਖਿਆ ਮੰਤਰਾਲੇ ਦੇ ਅਨੁਸਾਰ, ਸੀ.ਬੀ.ਐਸ.ਈ. ਟੀ.ਵੀ. ਚੈਨਲ ਜੁਲਾਈ 2023 ਵਿਚ ਲਾਂਚ ਕੀਤਾ ਜਾਵੇਗਾ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਬਜਟ 2022 ਵਿਚ 200 ਟੀ.ਵੀ. ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਦਿਅਕ ਚੈਨਲਾਂ ਨੂੰ ਸ਼ੁਰੂ ਕਰਨ ‘ਤੇ ਲਗਭਗ 1000 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਦੇਸ਼ ਦੇ ਕਿਸੇ ਵੀ ਕੋਨੇ ‘ਚ ਰਹਿਣ ਵਾਲਾ ਵਿਦਿਆਰਥੀ ਇਸ ਐਜੂਕੇਸ਼ਨ ਚੈਨਲ ‘ਤੇ ਉਪਲਬਧ ਸਮੱਗਰੀ ਰਾਹੀਂ ਪੜ੍ਹਾਈ ਕਰ ਸਕਦਾ ਹੈ ਸਿੱਖਿਆ ਮੰਤਰਾਲੇ ਦੇ ਇਨ੍ਹਾਂ ਟੀ.ਵੀ. ਚੈਨਲਾਂ ਰਾਹੀਂ ਦੇਸ਼ ਦਾ ਹਰ ਬੱਚਾ ਬਰਾਬਰ ਦੀ ਸਿੱਖਿਆ ਹਾਸਲ ਕਰ ਸਕੇਗਾ। ਐਜੂਕੇਸ਼ਨਲ ਟੀ.ਵੀ. ਚੈਨਲ ਰਾਹੀਂ ਦੇਸ਼ ਦੇ ਸਾਰੇ ਸੂਬਿਆਂ ਦੇ ਹਰ ਬੱਚੇ ਤਕ ਪਹੁੰਚਣਾ ਆਸਾਨ ਹੋਵੇਗਾ। ਹੁਣ ਸਿਰਫ਼ ਇੰਟਰਨੈਟ ਹੀ ਨਹੀਂ, ਸਗੋਂ ਟੀ.ਵੀ., ਰੇਡੀਓ ਅਤੇ ਹੋਰ ਮਾਧਿਅਮਾਂ ਰਾਹੀਂ ਵੀ ਸਿੱਖਿਆ ‘ਤੇ ਜ਼ੋਰ ਦਿਤਾ ਜਾ ਸਕਦਾ ਹੈ। ਦੇਸ਼ ਵਿਚ ਹਰ ਸਾਲ ਲੱਖਾਂ ਵਿਦਿਆਰਥੀ  ਸੀ.ਬੀ.ਐਸ.ਈ. ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਦੇ ਹਨ। ਇਸ ਲਈ ਇਨ੍ਹਾਂ 200 ਵਿਦਿਅਕ ਚੈਨਲਾਂ ਵਿਚੋਂ ਇੱਕ ਚੈਨਲ  ਸੀ.ਬੀ.ਐਸ.ਈ. ਬੋਰਡ ਦਾ ਹੀ ਰਹੇਗਾ। ਭਾਰਤ ਵਿਚ ਕਈ ਕੇਂਦਰੀ ਬੋਰਡਾਂ ਤੋਂ ਇਲਾਵਾ, 60 ਤੋਂ ਵੱਧ ਰਾਜ ਬੋਰਡ (ਭਾਰਤ ਵਿੱਚ ਵਿਦਿਅਕ ਬੋਰਡ) ਹਨ। ਇਸ ਲਈ ਹੁਣ ਉਚੇਰੀ ਸਿੱਖਿਆ ਵਿਭਾਗ ਹਰ ਪ੍ਰੀਖਿਆ ਦੀ ਮੈਪਿੰਗ ਕਰੇਗਾ। ਇਸ ਲਈ ਇਕ ਕਮੇਟੀ ਬਣਾਈ ਗਈ ਹੈ। ਇਸ ਨਾਲ, ਇਹ ਫ਼ੈਸਲਾ ਕਰਨਾ ਆਸਾਨ ਹੋ ਜਾਵੇਗਾ ਕਿ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਅਤੇ ਉਸ ਤੋਂ ਬਾਅਦ ਹਰ ਦਾਖ਼ਲਾ ਪ੍ਰੀਖਿਆ (12ਵੀਂ ਤੋਂ ਬਾਅਦ ਦਾਖਲਾ ਪ੍ਰੀਖਿਆਵਾਂ) ਦੀ ਤਿਆਰੀ ਕਰਨ ਦਾ ਪੂਰਾ ਮੌਕਾ ਮਿਲ ਸਕਦਾ ਹੈ।  ਸੀ.ਬੀ.ਐਸ.ਈ. ਦੀ ਚੇਅਰਪਰਸਨ ਨਿਧੀ ਛਿੱਬਰ ਨੇ ਕਿਹਾ ਕਿ ਕਈ ਵਾਰ ਪ੍ਰੀਖਿਆਵਾਂ ਦੇ ਓਵਰਲੈਪਿੰਗ ਕਾਰਨ ਵਿਦਿਆਰਥੀ ਪ੍ਰੇਸ਼ਾਨ ਹੋ ਜਾਂਦੇ ਹਨ।

Leave a Reply

Your email address will not be published. Required fields are marked *