ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਤੋਂ ਬਾਅਦ ਭਾਜਪਾ ਨਾਲੋਂ ਵੱਖ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਇੱਕ ਵਾਰ ਫਿਰ ਆਪਣੇ ਪੁਰਾਣੇ ਸਾਥੀ ਦੀ ਯਾਦ (bjp sad alliance) ਆ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਆਪਣੀ ਸਿਆਸੀ ਹੋਂਦ ਦੀ ਲੜਾਈ ਲੜ ਰਿਹਾ ਅਕਾਲੀ ਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿਚ ਭਾਜਪਾ ਨਾਲ ਮੁੜ ਸਾਂਝ ਪਾਵੇਗਾ, ਇਹ ਸਵਾਲ ਅੱਜ-ਕੱਲ੍ਹ ਚਰਚਾ ਵਿਚ ਹੈ। ਦੋਵੇਂ ਪੁਰਾਣੇ ਭਾਈਵਾਲਾਂ ਦੇ ਇਕ ਵਾਰ ਫਿਰ ਇਕੱਠੇ ਹੋਣ ਦੇ ਸੰਕੇਤ ਮਿਲੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿਆਸਤ ਵਿੱਚ ਕੁਝ ਵੀ ਨਾਮੁਮਕਿਨ ਨਹੀਂ, ਪਰ ਕੁਝ ਮੁੱਦੇ ਅਜਿਹੇ ਹਨ ਜਿਨ੍ਹਾਂ ਦਾ ਹੱਲ ਕੱਢਣਾ ਪਵੇਗਾ। ਪਾਰਟੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਭਾਜਪਾ ਦੀ ਹਮਾਇਤ ਕੀਤੀ ਜਦੋਂ ਉਸ ਨਾਲ ਪੁਰਾਣੀ ਭਾਈਵਾਲ ਸ਼ਿਵ ਸੈਨਾ ਹੀ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਐਨਡੀਏ ਸਰਕਾਰ ਚਲਾਈ ਸੀ। ਪਰ ਮੋਦੀ ਸਾਹਿਬ ਨੇ ਫੈਸਲੇ ਲੈਣ ਵੇਲੇ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ। ਗਰੇਵਾਲ ਨੇ ਅੱਗੇ ਕਿਹਾ, “ਭਾਵੇਂ ਭਾਜਪਾ ਦੀ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਕਾਨੂੰਨ ਵਾਪਸ ਲੈ ਲਏ ਸਨ ਪਰ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਦਾ ਗੰਭੀਰ ਮਸਲਾ ਹੈ, ਜਿਸ ਦਾ ਹੱਲ ਲੱਭਣਾ ਪਵੇਗਾ। ਹਾਲਾਂਕਿ ਰਾਜਨੀਤੀ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਹਾਲ ਹੀ ਵਿੱਚ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਦੋਵਾਂ ਪਾਰਟੀਆਂ ਨੂੰ ਹੋਏ ਨੁਕਸਾਨ ਦੇ ਸਬੰਧ ਵਿੱਚ ਗਰੇਵਾਲ ਨੇ ਮੰਨਿਆ ਕਿ ਜੇਕਰ ਅਕਾਲੀ-ਭਾਜਪਾ ਇਕੱਠੇ ਹੁੰਦੇ ਤਾਂ ਦੋਵਾਂ ਨੂੰ ਫਾਇਦਾ ਹੁੰਦਾ।