ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਦਿਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ‘ਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਹੁਣ ਦੇਸ਼ ‘ਚ ਫਲੈਕਸ ਇੰਜਣ ਦੀਆਂ ਗੱਡੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਹੜੀਆਂ ਐਥਨਾਲ ਨਾਲ ਚੱਲਦੀਆਂ ਹਨ। ਮਾਈਲੇਜ ‘ਤੇ ਵਿਚਾਰ ਕੀਤਾ ਜਾਵੇਗਾ ਤਾਂ ਪੈਟਰੋਲ ਦਾ ਭਾਅ 15 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਐਥਨਾਲ ਪੰਪ ਲਗਵਾਉਣਾ ਸ਼ੁਰੂ ਕਰੇਗੀ। ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਹੁਣ ਉਹ ਊਰਜਾ ਦਾਤਾ ਬਣਨਗੇ। ਕਿਸਾਨ ਗੰਨਾ, ਚੌਲ ਤੇ ਕਣਕ ਦੇ ਨਾਲ ਐਨਰਜੀ ਕਾਪ ਲਗਾਉਣ। ਜੇਕਰ ਉਹ ਐਥਨਾਲ, ਹਾਈਡ੍ਰੋਜਨ ਤੇ ਸੀਐੱਨਜੀ ਬਣਾਉਣਗੇ ਤਾਂ ਇਸ ਨਾਲ ਇੰਪੋਰਟ ‘ਚ ਖ਼ਰਚ ਕੀਤੇ ਜਾ ਰਹੇ 16 ਲੱਖ ਕਰੋੜ ‘ਚੋਂ 10 ਲੱਖ ਕਰੋੜ ਵੀ ਕਿਸਾਨਾਂ ਦੀ ਜੇਬ ‘ਚ ਆਉਣਗੇ। ਇਸ ਨਾਲ ਕਿਸਾਨ ਖ਼ੁਸ਼ਹਾਲ ਹੋਵੇਗਾ। ਗਡਕਰੀ ਨੇ ਕਿਹਾ ਕਿ ਪਾਨੀਪਤ ‘ਚ ਇੰਡੀਅਨ ਆਇਲ ਨੇ ਪਰਾਲੀ ਤੋਂ ਇਕ ਲੱਖ ਟਨ ਬਾਇਓ ਐਥਨਾਲ ਤੇ 150 ਟਨ ਬਾਇਓ ਬਿਟੂਮਨ (ਕੋਲਤਾਰ) ਬਣਾਉਣ ਦੀ ਇੰਡਸਟਰੀ ਸ਼ੁਰੂ ਕੀਤੀ। ਛੇਤੀ ਹੀ ਕੋਲਤਾਰ ਦੀ ਥਾਂ ਬਾਇਓ ਏਵੀਏਸ਼ਨ ਫਿਊਲ ਬਣਾਉਣ ਵਾਲੇ ਹਨ। ਹਵਾਈ ਜਹਾਜ਼ ‘ਚ ਦੋ ਫ਼ੀਸਦੀ ਬਾਇਓ ਏਵੀਏਸ਼ਨ ਫਿਊਲ ਪਾਉਣ ਦਾ ਕਾਨੂੰਨ ਬਣਿਆ ਹੈ। ਕਿਸਾਨ ਦੀ ਗਰੀਬੀ ਕਣਕ, ਚੌਲ ਤੇ ਗੰਨਾ ਉਤਪਾਦਨ ਨਾਲ ਦੂਰ ਨਹੀਂ ਹੋਵੇਗੀ ਸਗੋਂ ਹੁਣ ਉਸ ਨੂੰ ਊਰਜਾਦਾਤਾ ਬਣਨਾ ਪਵੇਗਾ।