ਦੱਖਣੀ ਚਿਲੀ ਦੇ ਮਾਉਲੇ ਖੇਤਰ ਵਿਚ ਇਕ ਹਾਈਵੇਅ ‘ਤੇ ਵਾਪਰੇ ਹਾਦਸੇ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਫਾਇਰ ਡਿਪਾਰਟਮੈਂਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਸੈਨ ਜੇਵੀਅਰ, ਮਾਉਲੇ ਖੇਤਰ ਦੇ ਆਸ-ਪਾਸ ਇੱਕ ਹਾਈਵੇਅ ਦੇ ਕੰਢੇ ਇੰਜਣ ਖ਼ਰਾਬ ਹੋਣ ਕਾਰਨ ਪਿਕਅੱਪ ਵੈਨ ਰੁਕ ਗਈ ਅਤੇ ਦੂਜੇ ਵਾਹਨ ਵਿਚ ਸਵਾਰ ਵਿਅਕਤੀ ਸਹਾਇਤਾ ਲਈ ਰੁਕੇ। ਇਸ ਦੌਰਾਨ ਧੁੰਦ ਅਤੇ ਤਿਲਕਣ ਦੇ ਬਾਵਜੂਦ ਤੇਜ਼ ਰਫ਼ਤਾਰ ਨਾਲ ਆ ਰਹੇ ਤੀਜੇ ਵਾਹਨ ਨੇ ਦੋਵਾਂ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 8ਵੇਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਬਾਕੀ 3 ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ। ਸੈਨ ਜੇਵੀਅਰ ਫਾਇਰ ਡਿਪਾਰਟਮੈਂਟ ਦੇ ਸੈਕਿੰਡ ਕਮਾਂਡਰ ਐਨਰਿਕ ਕੋਰੇਆ ਨੇ ਕਿਹਾ ਕਿ ਇਹ ਹਾਦਸਾ ਹਾਈਵੇਅ ਦੇ ਇੱਕ “ਬਹੁਤ ਖਤਰਨਾਕ” ਮੋੜ ‘ਤੇ ਵਾਪਰਿਆ। ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।