ਪੰਜਾਬ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ

ਚੰਡੀਗੜ੍ਹ: ਹਾਲ ਹੀ ਵਿਚ ਲੋਕ ਸਭਾ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਦੇਸ਼ ਭਰ ਵਿਚ ਛੋਟੇ ਬੱਚਿਆਂ ਬਾਰੇ ਇਕ ਰੀਪੋਰਟ ਪੇਸ਼ ਕੀਤੀ। ਇਸ ਵਿਚ ਪਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਸ ਰੀਪੋਰਟ ਅਨੁਸਾਰ ਚੰਡੀਗੜ੍ਹ ਵਿਚ 6 ਮਹੀਨੇ ਤੋਂ 5 ਸਾਲ ਤਕ ਦੇ 54.6 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਇਸੇ ਤਰ੍ਹਾਂ ਪੰਜਾਬ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਬੱਚਿਆਂ ਦੇ ਭਾਰ ਅਤੇ ਕੱਦ ਵਿਚ ਵੀ ਕਮੀ ਆਈ ਹੈ। ਚੰਡੀਗੜ੍ਹ ਹੀ ਨਹੀਂ ਹਰਿਆਣਾ-ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਛੋਟੇ ਬੱਚਿਆਂ ਵਿਚ ਅਨੀਮੀਆ ਦੀ ਬਿਮਾਰੀ ਹੈ। ਇਸ ਰੀਪੋਰਟ ਵਿਚ ਮੰਤਰਾਲੇ ਵਲੋਂ ਦਸਿਆ ਗਿਆ ਹੈ ਕਿ ਖਾਣ-ਪੀਣ ਦੀਆਂ ਸਹੀ ਆਦਤਾਂ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ, ਤਾਂ ਜੋ ਬੱਚਿਆਂ ਵਿਚ ਅਨੀਮੀਆ ਦੀ ਦਰ ਨੂੰ ਘੱਟ ਕੀਤਾ ਜਾ ਸਕੇ। ਸਕੂਲ ਜਾਣ ਵਾਲੇ ਬੱਚਿਆਂ ਜਾਂ ਇਸ ਤੋਂ ਵੀ ਘੱਟ ਉਮਰ ਦੇ ਬੱਚਿਆਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਵਲੋਂ ‘ਅਨੀਮੀਆ ਮੁਕਤ ਭਾਰਤ’ ਨਾਂਅ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਰੀਪੋਰਟ ਵਿਚ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬੱਚਿਆਂ ਦੀ ਸਥਿਤੀ ਬਾਰੇ ਦਸਿਆ ਗਿਆ ਹੈ। ਬੱਚਿਆਂ ਦੀ ਸਿਹਤ ਸੰਭਾਲ ਲਈ ਵੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਪੋਸ਼ਣ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂ ਜੋ ਬੱਚਿਆਂ ਤਕ ਸਹੀ ਖੁਰਾਕ ਪਹੁੰਚਾਈ ਜਾ ਸਕੇ। ਇਸ ਤੋਂ ਇਲਾਵਾ ਅਨੀਮੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 16.9% ਬੱਚਿਆਂ ਦਾ ਭਾਰ ਘੱਟ ਹੈ (ਉਮਰ ਲਈ ਆਦਰਸ਼ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 24.5% ਬੱਚੇ ਅਪਣੀ ਉਮਰ ਦੇ ਹਿਸਾਬ ਨਾਲ ਲੰਬੇ ਨਹੀਂ ਹਨ। 5 ਸਾਲ ਤੋਂ ਘੱਟ ਉਮਰ ਦੇ 10.6 ਫ਼ੀ ਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਦੀ ਕੱਦ ਦੇ ਹਿਸਾਬ ਨਾਲ ਸਹੀ ਭਾਰ ਨਹੀਂ ਹੈ। ਚੰਡੀਗੜ੍ਹ ਦੇ ਅੰਕੜੇ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 54.6 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। 5 ਸਾਲ ਤੋਂ ਘੱਟ ਉਮਰ ਦੇ 20.6% ਬੱਚੇ ਘੱਟ ਭਾਰ ਵਾਲੇ ਹਨ (ਉਮਰ ਲਈ ਸਹੀ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 25.3% ਬੱਚਿਆਂ ਦਾ ਉਮਰ ਦੀ ਤੁਲਨਾ ਵਿਚ ਸਹੀ ਕੱਦ ਨਹੀਂ ਹੈ। 5 ਸਾਲ ਤੋਂ ਘੱਟ ਉਮਰ ਦੇ 8.4 ਫ਼ੀ ਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਦਾ ਕੱਦ ਦੇ ਹਿਸਾਬ ਨਾਲ ਸਹੀ ਵਜ਼ਨ ਨਹੀਂ ਹੈ, ਉਹ ਕਮਜ਼ੋਰ ਹਨ। ਹਰਿਆਣਾ ਦੇ ਅੰਕੜੇ 6 ਮਹੀਨਿਆਂ ਤੋਂ 5 ਸਾਲ ਤਕ ਦੇ 70.4 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 21.5% ਬੱਚਿਆਂ ਦਾ ਭਾਰ ਘੱਟ ਹੈ (ਉਮਰ ਲਈ ਆਦਰਸ਼ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 27.5% ਬੱਚੇ ਅਪਣੀ ਉਮਰ ਦੇ ਹਿਸਾਬ ਨਾਲ ਲੰਬੇ ਨਹੀਂ ਹਨ। 5 ਸਾਲ ਤੋਂ ਘੱਟ ਉਮਰ ਦੇ 11.5 ਫ਼ੀ ਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਸਹੀ ਵਜ਼ਨ ਨਹੀਂ ਹੈ।

Leave a Reply

Your email address will not be published. Required fields are marked *