ਕੌਮਾਂਤਰੀ ਸਰਹੱਦ ਨੇੜੇ 29.26 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਤਸਕਰ ਕਾਬੂ

ਫਿਰੋਜ਼ਪੁਰ: ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਗੱਟੀ ਮੱਤੜ ਵਿਚ ਪਾਕਿਸਤਾਨੀ ਤਸਕਰਾਂ ਅਤੇ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ 2 ਤਸਕਰਾਂ ਨੂੰ ਫੜਨ ਵਿਚ ਵੀ ਸਫਲਤਾ ਹਾਸਲ ਕੀਤੀ ਹੈ। ਗੋਲੀ ਲੱਗਣ ਕਾਰਨ ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਬੀ.ਐਸ.ਐਫ. ਨੇ ਇਸ ਕਾਰਵਾਈ ਵਿਚ 29.26 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਬੀ.ਐਸ.ਐਫ. ਅਤੇ ਪੰਜਾਬ ਪੁਲਿਸ (ਸੀ.ਆਈ. ਫਿਰੋਜ਼ਪੁਰ) ਵਲੋਂ ਪਿੰਡ ਨੇੜੇ ਸਤਲੁਜ ਦਰਿਆ ਦੇ ਕੰਢੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਤੜਕੇ 2:45 ਵਜੇ ਦੇ ਕਰੀਬ, ਬੀ.ਐਸ.ਐਫ. ਨੇ ਕੁੱਝ ਹਰਕਤ ਦੇਖੀ। ਦਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਚਨੌਤੀ ਦਿਤੀ ਪਰ ਬਾਅਦ ਵਿਚ ਜਵਾਨਾਂ ਨੇ ਤਸਕਰਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਤਸਕਰਾਂ ਵਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇਕ ਤਸਕਰ ਦੇ ਹੱਥ ‘ਤੇ ਗੋਲੀ ਲੱਗ ਗਈ। ਇਸ ਤੋਂ ਬਾਅਦ ਬੀ.ਐਸ.ਐਫ. ਅਤੇ ਸੀ.ਆਈ. ਫਿਰੋਜ਼ਪੁਰ ਨੇ 2 ਤਸਕਰਾਂ ਨੂੰ 150 ਕਰੋੜ ਰੁਪਏ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬੀ.ਐਸ.ਐਫ. ਅਧਿਕਾਰੀਆਂ ਮੁਤਾਬਕ ਨੀਲੇ ਰੰਗ ਦੇ ਡਰੰਮ ਵਿਚ ਕੁੱਲ 26 ਪੈਕੇਟ ਮਿਲੇ ਹਨ, ਜਿਨ੍ਹਾਂ ਦਾ ਵਜ਼ਨ 29.26 ਕਿਲੋ ਦੇ ਕਰੀਬ ਸੀ।

Leave a Reply

Your email address will not be published. Required fields are marked *