ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਮੁਖੀ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਇਕ ਹਸਪਤਾਲ ਵਿਚ ਧਰਨਾ ਦੇ ਕੇ ਦਾਅਵਾ ਕੀਤਾ ਕਿ ਉਸ ਨੂੰ ਉਸ ਨਾਬਾਲਗ ਲੜਕੀ ਨਾਲ ਮਿਲਣ ਤੋਂ ਰੋਕਿਆ ਗਿਆ, ਜਿਸ ਨਾਲ ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰੇਮੋਦਯ ਖਾਖਾ ਨੇ ਨਵੰਬਰ 2020 ਤੋਂ ਜਨਵਰੀ 2021 ਦਰਮਿਆਨ ਕਥਿਤ ਤੌਰ ’ਤੇ ਬੱਚੀ ਨਾਲ ਕਈ ਵਾਰ ਜਬਰ ਜਨਾਹ ਕੀਤਾ। ਅਧਿਕਾਰੀ ਦੀ ਪਤਨੀ ’ਤੇ ਪੀੜਤਾ ਨੂੰ ਗਰਭਪਾਤ ਲਈ ਦਵਾਈਆਂ ਦੇਣ ਦਾ ਵੀ ਦੋਸ਼ ਹੈ। ਖਾਖਾ ਅਤੇ ਉਸ ਦੀ ਪਤਨੀ ਤੋਂ ਸੋਮਵਾਰ ਨੂੰ ਪੁੱਛ-ਪੜਤਾਲ ਕੀਤੀ ਗਈ। ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਚੇਅਰਪਰਸਨ ਮਾਲੀਵਾਲ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਅਧਿਕਾਰੀਆਂ ਨੇ ਉਸ ਨੂੰ ਪੀੜਤਾ ਨਾਲ ਮਿਲਣ ਨਹੀਂ ਦਿਤਾ। ਮਹਿਲਾ ਕਮਿਸ਼ਨ ਦੇ ਇਕ ਬਿਆਨ ’ਚ ਕਿਹਾ ਗਿਆ ਹੈ, ‘‘ਹਸਪਤਾਲ ਦੇ ਡਾਇਰੈਕਟਰ ਡੀ.ਸੀ.ਡਬਲਯੂ. ਮੁਖੀ ਨੂੰ ਮਿਲਣ ਆਏ ਅਤੇ ਉਨ੍ਹਾਂ ਨੂੰ ਦਸਿਆ ਕਿ ਦਿੱਲੀ ਪੁਲਿਸ ਦੇ ਡੀ.ਸੀ.ਪੀ. (ਡਿਪਟੀ ਕਮਿਸ਼ਨਰ ਆਫ਼ ਪੁਲਿਸ) ਅਤੇ ਏ.ਸੀ.ਪੀ. (ਸਹਾਇਕ ਪੁਲਿਸ ਕਮਿਸ਼ਨਰ) ਹਸਪਤਾਲ ਦੇ ਅੰਦਰ ਸਨ ਅਤੇ ਉਹ ( ਮਾਲੀਵਾਲ) ਨੂੰ ਪੀੜਤ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿਤੀ ਗਈ।’’ ਕਮਿਸ਼ਨ ਨੇ ਦਿੱਲੀ ਪੁਲਿਸ ਅਤੇ ਸ਼ਹਿਰੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਅਤੇ ਸੇਵਾਵਾਂ ਵਿਭਾਗ ਨੂੰ ਵੀ ਨੋਟਿਸ ਭੇਜ ਕੇ ਇਸ ਮਾਮਲੇ ’ਚ ਕਾਰਵਾਈ ਕਰਨ ਲਈ ਕਿਹਾ ਹੈ। ਮਾਲੀਵਾਲ ਨੇ ਕਿਹਾ ਕਿ ਇਹ ‘ਹੈਰਾਨ ਕਰਨ ਵਾਲੀ ਗੱਲ’ ਹੈ ਕਿ ਦਿੱਲੀ ਪੁਲਿਸ ਨੇ ਐਫ.ਆਈ.ਆਰ. ਦਰਜ ਹੋਣ ਦੇ ਅੱਠ ਦਿਨ ਬਾਅਦ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਇਥੋਂ ਤਕ ਕਿ ਮੈਨੂੰ ਦਿੱਲੀ ਪੁਲਿਸ ਦੇ ਕਹਿਣ ’ਤੇ ਪੀੜਤ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿਤੀ ਗਈ। ਮੈਂ ਪੀੜਤ ਨੂੰ ਮਿਲਾਂਗੀ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਾਂਗੀ।’’ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਗ੍ਰਿਫਤਾਰੀ ਦੇ ਵੇਰਵਿਆਂ ਦੇ ਨਾਲ ਐਫ.ਆਈ.ਆਰ. ਦੀ ਕਾਪੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਸ ਅਧਿਕਾਰੀ ਵਿਰੁਧ ਦਿੱਲੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਦਾ ਵੇਰਵਾ ਵੀ ਮੰਗਿਆ ਗਿਆ ਹੈ। ਕਮਿਸ਼ਨ ਨੇ ਇਸ ਅਧਿਕਾਰੀ ਵਿਰੁਧ ਪਿਛਲੇ ਸਮੇਂ ’ਚ ਕੀਤੀਆਂ ਸ਼ਿਕਾਇਤਾਂ ਅਤੇ ਉਸ ਸਬੰਧੀ ਕੀਤੀ ਗਈ ਕਾਰਵਾਈ ਦਾ ਵੇਰਵਾ ਮੰਗਿਆ ਹੈ। ਦਿੱਲੀ ਪੁਲਿਸ ਅਤੇ ਦਿੱਲੀ ਸਰਕਾਰ ਨੂੰ ਬੁਧਵਾਰ ਤਕ ਅਪਣੀ ਰੀਪੋਰਟ ਦੇਣ ਦੇ ਹੁਕਮ ਦਿਤੇ ਗਏ ਹਨ। ਮੁੱਖ ਸਕੱਤਰ ਨਰੇਸ਼ ਕੁਮਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਖਾਖਾ ਨੂੰ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਸਕੱਤਰ ਨੂੰ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਦਿਤੇ ਸਨ। ਹੁਕਮਾਂ ਅਨੁਸਾਰ ਮੁਅੱਤਲੀ ਦੀ ਮਿਆਦ ਦੌਰਾਨ ਅਧਿਕਾਰੀ ਨੂੰ ਅਗਾਊਂ ਇਜਾਜ਼ਤ ਲਏ ਬਿਨਾਂ ਵਿਭਾਗ ਦੇ ਮੁੱਖ ਦਫ਼ਤਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਘਟਨਾ ’ਤੇ ਟਿਪਣੀ ਕਰਦਿਆਂ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਅਧਿਕਾਰੀ ਨੂੰ ਮੁਅੱਤਲ ਕਿਉਂ ਨਹੀਂ ਕੀਤਾ ਗਿਆ। ਭਾਰਦਵਾਜ ਨੇ ਦਸਿਆ, ‘‘ਇਹ ਘਟਨਾ ਮਨੁੱਖਤਾ ਲਈ ਸ਼ਰਮਨਾਕ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਅਧਿਕਾਰੀ ਨੂੰ ਮੁਅੱਤਲ ਕਿਉਂ ਨਹੀਂ ਕੀਤਾ ਗਿਆ। ਅੱਜ ਮੁੱਖ ਮੰਤਰੀ (ਅਰਵਿੰਦ ਕੇਜਰੀਵਾਲ) ਨੂੰ ਉਨ੍ਹਾਂ ਦੀ ਮੁਅੱਤਲੀ ਦੇ ਹੁਕਮ ਦੇਣੇ ਪਏ। ਦਿੱਲੀ ਪੁਲਿਸ ਨੇ ਅਜੇ ਤਕ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ?’’ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਦੇ ਇਕ ਅਧਿਕਾਰੀ ’ਤੇ ਅਪਣੇ ਦੋਸਤ ਦੀ ਨਾਬਾਲਗ ਧੀ ਨਾਲ ਕਈ ਵਾਰ ਜਬਰ ਜਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।