ਚੰਦਰਯਾਨ-2 ਆਰਬਿਟਰ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਕਾਰ ਸੰਪਰਕ ਸਥਾਪਤ; ਭਲਕੇ ਚੰਨ ’ਤੇ ਉਤਰਨ ਦੀ ਉਮੀਦ

ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ ‘ਆਰਬਿਟਰ’ ਅਤੇ ਚੰਦਰਯਾਨ-3 ਦੇ ‘ਲੁਨਾਰ ਮਾਡਿਊਲ’ ਵਿਚਕਾਰ ਦੁਪਾਸਣ ਸੰਚਾਰ ਸਥਾਪਤ ਹੋ ਗਿਆ ਹੈ। ਕੌਮੀ ਪੁਲਾੜ ਏਜੰਸੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸਵਾਗਤ ਹੈ ਦੋਸਤ! ਚੰਦਰਯਾਨ-2 ਆਬਿਟਰ ਨੇ ਰਸਮੀ ਰੂਪ ’ਚ ਚੰਦਰਯਾਨ-3 ਲੈਂਡਰ ਮਾਡਿਊਲ ਦਾ ਸਵਾਗਤ ਕੀਤਾ। ਦੋਹਾਂ ਵਿਚਕਾਰ ਦੁਪਾਸੜ ਸੰਚਾਰ ਸਥਾਪਤ ਹੋ ਗਿਆ ਹੈ। ਐਮ.ਓ.ਐਕਸ. ਕੋਲ ਹੁਣ ਲੈਂਡਰ ਮਾਡਿਊਲ ਤਕ ਪੁੱਜਣ ਲਈ ਵੱਧ ਜ਼ਰੀਏ ਹਨ।’’ ਇਸਰੋ ਨੇ ਕਿਹਾ ਕਿ ਚੰਦਰਯਾਨ-3 ਦਾ ਲੈਂਡਰ ਮਾਡਿਊਲ ਦੇ 23 ਅਗੱਸਤ ਨੂੰ ਸ਼ਾਮ ਲਗਭਗ ਛੇ ਵਜ ਕੇ ਚਾਰ ਮਿੰਟ ’ਤੇ ਚੰਨ ਦੀ ਸਤਹਾ ’ਤੇ ਉਤਰਨ ਦੀ ਉਮੀਦ ਹੈ। ਐਮ.ਓ.ਐਕਸ. ਇਥੋਂ ਇਸਰੋ ਟੈਲੀਮੈਟਰੀ, ਟਰੈਕਿੰਗ ਐਂਡ ਕਮਾਂਡ ਨੈੱਟਵਰਕ ’ਚ ਸਥਿਤ ਹੈ। ਜੇਕਰ ਚੰਦਰਯਾਨ-3 ਦੇ ਲੈਂਡਰ ਮਾਡਿਊਲ ਸਬੰਧੀ ਕੋਈ ਵੀ ਕਾਰਕ ਨਿਸ਼ਚਿਤ ਪੈਮਾਨੇ ‘ਤੇ ਨਹੀਂ ਰਹਿੰਦਾ ਹੈ, ਤਾਂ ਚੰਦਰਮਾ ‘ਤੇ ਵਾਹਨ ਦੀ ਲੈਂਡਿੰਗ 27 ਅਗਸਤ ਨੂੰ ਕੀਤੀ ਜਾਵੇਗੀ। ਇਸਰੋ ਦੇ ਅਹਿਮਦਾਬਾਦ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਨੀਲੇਸ਼ ਐਮ ਦੇਸਾਈ ਨੇ ਇਹ ਜਾਣਕਾਰੀ ਦਿਤੀ ਹੈ। ਚੰਦਰਯਾਨ-2 ਨੂੰ ਮਿਸ਼ਨ 2019 ’ਚ ਭੇਜਿਆ ਗਿਆ ਸੀ। ਇਸ ਪੁਲਾੜ ਜਹਾਜ਼ ’ਚ ਆਰਬਿਟਰ, ਲੈਂਡਰ ਅਤੇ ਰੋਵਰ ਸ਼ਾਮਲ ਸੀ। ਲੈਂਡਰ ਅੰਦਰ ਇਕ ਰੋਵਰ ਸੀ। ਲੈਂਡ ਚੰਨ ਦੀ ਸਤਹਾ ’ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਇਹ ਮਿਸ਼ਨ ਦੇ ‘ਸਾਫ਼ਟ ਲੈਂਡਿੰਗ’ ਟੀਚੇ ਨੂੰ ਹਾਸਲ ਕਰਨ ’ਚ ਨਾਕਾਮ ਰਿਹਾ ਸੀ। ਉਧਰ ਭਾਰਤ ਦੇ ਸਿਖਰਲੇ ਪੁਲਾੜ ਵਿਗਿਆਨੀਆਂ ਨੇ ਕਿਹਾ ਹੈ ਕਿ ਰੂਸ ਦੇ ਲੂਨਾ-25 ਚੰਨ ਮਿਸ਼ਨ ਦੀ ਨਾਕਾਮੀ ਦਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੰਦਰਯਾਨ-3 ਮੁਹਿੰਮ ’ਤੇ ਕੋਈ ਅਸਰ ਨਹੀਂ ਪਵੇਗਾ।

Leave a Reply

Your email address will not be published. Required fields are marked *