ਤਮਿਲਨਾਡੂ ਦੇ ਮਦੁਰੈ ਰੇਲਵੇ ਸਟੇਸ਼ਨ ’ਤੇ ਇਕ ਰੇਲ ਗੱੜੀ ਦੇ ਖੜੇ ਡੱਬੇ ’ਚ ਸਨਿਚਰਵਾਰ ਨੂੰ ਤੜਕੇ ਅੱਗ ਲੱਗਣ ਨਾਲ ਘੱਟ ਤੋਂ ਘੱਟ 10 ਮੁਸਾਫ਼ਰਾਂ ਦੀ ਮੌਤ ਹੋ ਗਈ। ਦਖਣੀ ਰੇਲਵੇ ਨੇ ਡੱਬ ’ਚ ਨਾਜਾਇਜ਼ ਤੌਰ ’ਤੇ ਲਿਜਾਏ ਗਏ ‘ਗੈਸ ਸਿਲੰਡਰ’ ਨੂੰ ਹਾਦਸੇ ਦਾ ਕਾਰਨ ਦਸਿਆ ਹੈ। ਜਿਸ ਡੱਬੇ ’ਚ ਅੱਗ ਲੱਗੀ, ਉਹ ਇਕ ‘ਪ੍ਰਾਈਵੇਟ ਪਾਰਟੀ ਕੋਚ’ (ਕਿਸੇ ਵਿਅਕਤੀ ਵਲੋਂ ਬੁਕ ਕੀਤਾ ਗਿਆ ਪੂਰਾ ਡੱਬਾ ਸੀ ਅਤੇ ਉਸ ’ਚ ਸਵਾਰ 65 ਮੁਸਾਫ਼ਰ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਮਦੁਰੈ ਪੁੱਜੇ ਸਨ। ਦਖਣੀ ਰੇਲਵੇ ਨੇ ਇਕ ਬਿਆਨ ’ਚ ਕਿਹਾ ਕਿ ਅੱਗ ਲੱਗਣ ਦੀ ਘਟਨਾ ’ਚ ‘10 ਮੁਸਾਫ਼ਰਾਂ ਦੀ ਮੌਤ ਹੋਣ ਦੀ ਸੂਚਨਾ ਹੈ।’ ਬਿਆਨ ਮੁਤਾਬਕ, ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਰੇਲ ਮੁਲਾਜ਼ਮਾਂ ਤੋਂ ਇਲਾਵਾ ਪੁਲਿਸ ਅੱਗ ਬੁਝਾਊ ਗੱਡੀਆਂ ਅਤੇ ਬਚਾਅ ਮੁਲਾਜ਼ਮਾਂ ਨੇ ਡੱਬੇ ’ਚੋਂ ਲਾਸ਼ਾਂ ਨੂੰ ਬਾਹਰ ਕਢਿਆ। ਬਿਆਨ ’ਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੀ ਘਟਨਾ ਸਨਿਚਰਵਾਰ ਤੜਕੇ 5:15 ਵਜੇ ਵਾਪਰੀ ਅਤੇ ਮੌਕੇ ’ਤੇ ਪੁੱਜੀਆਂ ਅੱਗ ਬੁਝਾਊ ਗੱਡੀਆਂ ਰਾਹੀਂ ਸਵੇਰੇ 7:15 ਵਜੇ ਅੱਗ ਦੀਆਂ ਲਪਟਾਂ ’ਤੇ ਕਾਬੂ ਪਾ ਲਿਆ ਗਿਆ।ਬਿਆਨ ਅਨੁਸਾਰ, ‘‘ਇਹ ਇਕ ਪ੍ਰਾਈਵੇਟ ਪਾਰਟੀ ਕੋਚ ਸੀ, ਜਿਸ ਨੂੰ ਕਲ (25 ਅਗੱਸਤ ਨੂੰ) ਨਾਗਰਕੋਵਿਲ ਜੰਕਸ਼ਨ ’ਤੇ ਰੇਲ ਗੱਡੀ ਨੰਬਰ 16730 (ਪੁਨਾਲੁਰ-ਮਦੁਰੈ ਐਕਸਪ੍ਰੈੱਸ) ’ਚ ਜੋੜਿਆ ਗਿਆ ਸੀ। ਡੱਬੇ ਨੂੰ ਵੱਖ ਕਰ ਕੇ ਮਦੁਰੈ ਰੇਲਵੇ ਸਟੇਸ਼ਨ ’ਤੇ ਖੜਾ ਕੀਤਾ ਗਿਆ ਸੀ। ਇਸ ਡੱਬੇ ’ਚ ਯਾਤਰੀ ਨਾਜਾਇਜ਼ ਰੂਪ ’ਚ ਗੈਸ ਸਿਲੰਡਰ ਲੈ ਕੇ ਆਏ ਸਨ ਅਤੇ ਇਸੇ ਕਾਰਨ ਅੱਗ ਲੱਗੀ।’’ ਇਸ ’ਚ ਕਿਹਾ ਗਿਆ ਹੈ, ‘‘ਡੱਬੇ ’ਚ ਸਵਾਰ ਮੁਸਾਫ਼ਰਾਂ ਨੇ 17 ਅਗੱਸਤ ਨੂੰ ਲਖਨਊ ਤੋਂ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਦਾ 27 ਅਗੱਸਤ ਨੂੰ ਚੇਨਈ ਜਾਣ ਦਾ ਪ੍ਰੋਗਰਾਮ ਸੀ। ਚੇਨਈ ਤੋਂ ਉਹ ਲਖਨਊ ਪਰਤਣ ਵਾਲੇ ਸਨ।’’ ਬਿਆਨ ਮੁਤਬਕ, ‘‘ਜਦੋਂ ਡੱਬਾ ਖੜਾ ਸੀ ਤਾਂ ਕੁਝ ਮੁਸਾਫ਼ਰ ਚਾਹ/ਨਾਸ਼ਤਾ ਬਣਾਉਣ ਲਈ ਨਾਜਾਇਜ਼ ਰੂਪ ’ਚ ਲਿਆਂਦੇ ਰਸੋਈ ਗੈਸ ਸਿਲੰਡਰ ਦਾ ਪ੍ਰਯੋਗ ਕਰ ਰਹੇ ਸਨ, ਜਿਸ ਕਾਰਨ ਡੱਬੇ ’ਚ ਅੱਗ ਲੱਗ ਗਈ। ਇਸ ਦੀ ਭਿਣਕ ਲੱਗਣ ’ਤੇ ਜ਼ਿਆਦਾਤਰ ਮੁਸਾਫ਼ਰ ਬਾਹਰ ਨਿਕਲ ਗਏ। ਕੁਝ ਮੁਸਾਫ਼ਰ ਡੱਬੇ ਨੂੰ ਵੱਖ ਕੀਤੇ ਜਾਣ ਤੋਂ ਪਹਿਲਾਂ ਹੀ ਪਲੇਟਫ਼ਾਰਮ ’ਤੇ ਉਤਰ ਗਏ ਸਨ।’’ ਦਖਣੀ ਰੇਲਵੇ ਮੁਤਾਬਕ, ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦਸ-ਦਸ ਲੱਖ ਰੁਪਏ ਦੀ ਮੁਆਵਜ਼ਾ ਰਕਮ ਦਿਤੀ ਜਾਵੇਗੀ। ਕੋਈ ਵੀ ਵਿਅਕਤੀ ਆਈ.ਆਰ.ਸੀ.ਟੀ.ਸੀ. ਦੇ ਪੋਰਟਲ ਦਾ ਪ੍ਰਯੋਗ ਕਰ ਕੇ ਪ੍ਰਾਈਵੇਟ ਪਾਰਟੀ ਕੋਚ ਬੁਕ ਕਰ ਸਕਦਾ ਹੈ, ਪਰ ਉਸ ਨੂੰ ਡੱਬੇ ’ਚ ਗੈਸ ਸਿਲੰਡਰ ਜਾਂ ਕੋਈ ਬਲਣ ਵਾਲਾ ਪਦਾਰਥ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਕੋਚ ਦਾ ਪ੍ਰਯੋਗ ਸਿਰਫ਼ ਸਫ਼ਰ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ’ਚ ਦਸਿਆ ਗਿਆ ਹੈ ਕਿ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।