ਏਥਨਜ਼ ’ਚ ਪ੍ਰਧਾਨ ਮੰਤਰੀ ਨੇ ਐਨ.ਆਰ.ਆਈਜ਼. ਨੂੰ ਕੀਤਾ ਸੰਬੋਧਨ, ਜਾਣੋ ਸਿੱਖ ਗੁਰੂਆਂ ਦੇ ਯੋਗਦਾਨ ਬਾਰੇ ਕੀ ਬੋਲੇ ਮੋਦੀ

ਏਥਨਜ਼: ਯੂਨਾਨ ਦੀ ਯਾਤਰਾ ’ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਏਥਨਜ਼ ’ਚ ਇਥੇ ਵਸਦੇ ਐਨ.ਆਰ.ਆਈ. ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਰਤੀ ਸਭਿਅਤਾ ਦੀ ਪਛਾਣ ਵਿਸ਼ਵ ਨੂੰ ਜੋੜਨ ਦੀ ਰਹੀ ਹੈ ਅਤੇ ਇਸ ਭਾਵਨਾ ਨੂੰ ਸਾਡੇ ਗੁਰੂਆਂ ਨੇ ਸਭ ਤੋਂ ਜ਼ਿਆਦਾ ਮਜ਼ਬੂਤ ਕੀਤਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਚੰਦਰਮਾ ’ਤੇ ਤਿਰੰਗਾ ਲਹਿਰਾ ਕੇ ਦੁਨੀਆਂ ਨੂੰ ਅਪਣੀ ਸਮਰੱਥਾ ਦਿਖਾਈ ਹੈ ਅਤੇ ਇਸ ਦੀ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵਿਸ਼ਵ ਪੱਧਰ ’ਤੇ ਗਤੀਸ਼ੀਲ ਹੈ। ਚੌਥੀ ਸਦੀ ਈਸਾ ਪੂਰਵ ’ਚ ਮੌਰੀਆ ਸਾਮਰਾਜ ਦੇ ਦੌਰਾਨ ਹਜ਼ਾਰਾਂ ਸਾਲ ਪਹਿਲਾਂ ਯੂਨਾਨੀ-ਭਾਰਤੀ ਸਬੰਧਾਂ ਦਾ ਹਵਾਲਾ ਦਿੰਦੇ ਹੋਏ, ਮੋਦੀ ਨੇ ਇੱਥੇ ਭਾਰਤੀ ਪ੍ਰਵਾਸੀਆਂ ਨੂੰ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ‘ਹਰ ਕੋਸ਼ਿਸ਼’ ਕਰਨ ਦੀ ਅਪੀਲ ਕੀਤੀ ਅਤੇ ਇਹ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਕਿ ਯੂਨਾਨ, ਭਾਰਤ ਦੀ ਵਿਕਾਸ ਕਹਾਣੀ ਦਾ ਹਿੱਸਾ ਬਣੇ। ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਹਰ ਸਭਿਅਤਾ ਅਤੇ ਹਰ ਸਭਿਆਚਾਰ ਦੀ ਕੁਝ ਨਾ ਕੁਝ ਇਕ ਵਿਸ਼ੇਸ਼ ਪਛਾਣ ਹੁੰਦੀ ਹੈ। ਭਾਰਤੀ ਸਭਿਅਤਾ ਦੀ ਪਛਾਣ ਵਿਸ਼ਵ ਨੂੰ ਜੋੜਨ ਦੀ ਰਹੀ ਹੈ। ਇਸ ਭਾਵਨਾ ਨੂੰ ਸਾਡੇ ਗੁਰੂਆਂ ਨੇ ਸਭ ਤੋਂ ਵੱਧ ਮਜ਼ਬੂਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਦੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਅਸੀਂ ਉਦਾਸੀਆਂ ਦੇ ਰੂਪ ’ਚ ਜਾਣਦੇ ਹਾਂ। ਉਨ੍ਹਾਂ ਦਾ ਉਦੇਸ਼ ਕੀ ਸੀ? ਉਨ੍ਹਾਂ ਦਾ ਉਦੇਸ਼ ਇਹੀ ਸੀ ਕਿ ਉਹ ਮਨੁੱਖਤਾ ਨੂੰ ਜੋੜਨ, ਇਨਸਾਨੀਅਤ ਦਾ ਭਲਾ ਕਰਨ, ਗੁਰੂ ਨਾਨਕ ਦੇਵ ਜੀ ਨੇ ਗ੍ਰੀਸ ’ਚ ਵੀ ਕਈ ਥਾਵਾਂ ਦੀ ਯਾਤਰਾ ਕੀਤੀ ਸੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਰਿਆਂ ਦਾ ਭਲਾ ਹੋਵੇ, ਸਾਰਿਆਂ ਦਾ ਹਿਤ ਹੋਵੇ। ਇਹੀ ਇੱਛਾ ਉਦੋਂ ਵੀ ਸੀ ਅਤੇ ਅੱਜ ਵੀ ਭਾਰਤ ਇਨ੍ਹਾਂ ਸੰਸਕਾਰਾਂ ਨੂੰ ਅੱਗੇ ਵਧਾ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਭਾਰਤੀਆਂ ਵਲੋਂ ਦੁਨੀਆਂ ਭਰ ’ਚ ਲੋਕਾਂ ਦੀ ਕੀਤੀ ਮਦਦ ਦੀ ਤਾਰੀਫ਼ ਕਰਦਿਆਂ ਕਿਹਾ, ‘‘ਤੁਸੀਂ ਵੇਖਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਕਾਲ ’ਚ ਭਾਰਤ ਦੀਆਂ ਦਵਾਈਆਂ ਨੇ ਸਪਲਾਈ ਚੇਨ ਨੂੰ ਚਲਾਈ ਰਖਿਆ। ਰੁਕਾਵਟਾਂ ਨਹੀਂ ਆਉਣ ਦਿਤੀਆਂ। ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਨੇ ਦੁਨੀਆਂ ਭਰ ’ਚ ਕਰੋੜਾਂ-ਕਰੋੜਾਂ ਲੋਕਾਂ ਦਾ ਜੀਵਨ ਬਚਾਇਆ। ਕੋਰੋਨਾ ਦੇ ਇਸ ਕਾਲ ’ਚ ਸਾਡੇ ਗੁਰਦੁਆਰਿਆਂ ’ਚ ਲੰਗ ਲੱਗ, ਮੰਦਰਾਂ ’ਚ ਭੰਡਾਰੇ ਲੱਗੇ, ਸਾਡੇ ਸਿੱਖ ਨੌਜੁਆਨਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਇਕ ਦੇਸ਼ ਦੇ ਰੂਪ ’ਚ, ਇਹ ਜੋ ਕੰਮ ਭਾਰਤ ਕਰਦਾ ਹੈ ਉਹੀ ਸਾਡੇ ਸੰਸਕਾਰ ਹਨ।’’ ਉਨ੍ਹਾਂ ਕਿਹਾ, ‘‘ਯੂਨਾਨ ਅਤੇ ਭਾਰਤ ਦੇ ਸਬੰਧਾਂ ਦੇ ਮਜ਼ਬੂਤ ​​ਹੋਣ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਫ਼ਰ ਵੀ ਆਸਾਨ ਹੋ ਜਾਵੇਗਾ। ਵਪਾਰ ਅਤੇ ਕਾਰੋਬਾਰ ਵੀ ਸੁਖਾਵਾਂ ਰਹੇਗਾ।’’ ਯੂਨਾਨ ਦੀ ਰਾਜਧਾਨੀ ਏਥਨਜ਼ ’ਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਪਿਛਲੇ ਨੌਂ ਸਾਲਾਂ ’ਚ ਅਪਣੀ ਸਰਕਾਰ ਵਲੋਂ ਕੀਤੀਆਂ ਕਈ ਪ੍ਰਾਪਤੀਆਂ ਦਾ ਹਵਾਲਾ ਦਿਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਇੰਨਾ ਨਿਵੇਸ਼ ਪਹਿਲਾਂ ਕਦੇ ਨਹੀਂ ਹੋਇਆ ਸੀ। ਮੋਦੀ ਨੇ ਕਿਹਾ, ‘‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ’ ਦੇ ਨਾਅਰੇ ਤੋਂ ਬਾਅਦ ਭਾਰਤ ਹੁਣ ਅਪਣੇ ਸਾਰੇ ਖੇਤਰਾਂ ਨੂੰ ਮਜ਼ਬੂਤ ​​ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ 2014 ਤੋਂ ਹੁਣ ਤਕ ਭਾਰਤ ’ਚ 2.5 ਮਿਲੀਅਨ ਕਿਲੋਮੀਟਰ ਤੋਂ ਵੱਧ ਆਪਟੀਕਲ ਫਾਈਬਰ ਕੇਬਲ ਵਿਛਾਈਆਂ ਜਾ ਚੁਕੀਆਂ ਹਨ, ਜੋ ਕਿ ਧਰਤੀ ਅਤੇ ਚੰਦਰਮਾ ਦੀ ਦੂਰੀ ਤੋਂ ਛੇ ਗੁਣਾ ਵੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਰੀਕਾਰਡ ਸਮੇਂ ’ਚ ਕਰੀਬ 700 ਜ਼ਿਲ੍ਹਿਆਂ ’ਚ ਸਵਦੇਸ਼ੀ 5ਜੀ ਤਕਨੀਕ ਲੈ ਕੇ ਆਇਆ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਸੁਣ ਕੇ ਉਥੇ ਮੌਜੂਦ ਸਰੋਤਿਆਂ ਨੇ ਤਾੜੀਆਂ ਵਜਾਈਆਂ। ਪ੍ਰਧਾਨ ਮੰਤਰੀ ਨੇ ਕਿਹਾ, ‘‘ਪਿਛਲੇ ਨੌਂ ਸਾਲਾਂ ’ਚ, ਭਾਰਤ ਨੇ ਧਰਤੀ ਅਤੇ ਚੰਦਰਮਾ ਵਿਚਕਾਰ ਦੂਰੀ ਦੇ ਬਰਾਬਰ ਪਿੰਡਾਂ ’ਚ ਸੜਕਾਂ ਬਣਾਈਆਂ ਹਨ। ਪਿਛਲੇ ਨੌਂ ਸਾਲਾਂ ’ਚ, ਰੇਲ ਨੈੱਟਵਰਕ ’ਚ 25,000 ਕਿਲੋਮੀਟਰ ਲਾਈਨ ਵਿਛਾਈ ਗਈ ਹੈ, ਜੋ ਕਿ ਇਟਲੀ, ਦਖਣੀ ਅਫਰੀਕਾ, ਯੂਕਰੇਨ ਅਤੇ ਪੋਲੈਂਡ ਦੇ ਕੁੱਲ ਰੇਲ ਨੈੱਟਵਰਕ ਦੇ ਬਰਾਬਰ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਸੀਂ ਜਿੱਥੇ ਵੀ ਰਹਿੰਦੇ ਹੋ, ਤੁਹਾਡਾ ਦਿਲ ਭਾਰਤ ਲਈ ਧੜਕਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਭਾਈਚਾਰਾ ਵੱਖ-ਵੱਖ ਦੇਸ਼ਾਂ ’ਚ ਸਥਾਨਕ ਆਬਾਦੀ ਨਾਲ ਇਸ ਤਰ੍ਹਾਂ ਘੁਲਿਆ ਹੋਇਆ ਹੈ ਜਿਵੇਂ ਦੁੱਧ ’ਚ ਚੀਨੀ ਘੁਲ ਜਾਂਦੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਆਉਣ ਵਾਲੇ ਦਿਨਾਂ ’ਚ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਉਸਨੇ ਕਿਹਾ, ‘‘ਭਾਰਤ ਵਲੋਂ ਜੀ-20 ਦੀ ਪ੍ਰਧਾਨਗੀ ਵਜੋਂ ਚੁਣਿਆ ਗਿਆ ਵਿਸ਼ਾ ਆਲਮੀ ਸਦਭਾਵਨਾ ਨੂੰ ਦਰਸਾਉਂਦਾ ਹੈ। ਇਸ ਦਾ ਵਿਸ਼ਾ ਹੈ ‘ਵਸੁਦੈਵ ਕੁਟੁੰਬਕਮ’। ਇਹ ਦਰਸਾਉਂਦਾ ਹੈ ਕਿ ਸੰਸਾਰ ਦਾ ਇਕ ਸਾਂਝਾ, ਆਪਸ ’ਚ ਜੁੜਿਆ ਭਵਿੱਖ ਹੈ। ਇਸ ਲਈ ਸਾਡੇ ਫੈਸਲੇ ਅਤੇ ਹਿੱਤ ਵੀ ਇੱਕੋ ਜਿਹੇ ਹੋਣੇ ਚਾਹੀਦੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਵੱਖ-ਵੱਖ ਸੰਕਟਾਂ ਦੌਰਾਨ ਅਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦਿਤੀ ਹੈ, ਭਾਵੇਂ ਇਹ ਰੂਸ-ਯੂਕਰੇਨ ਸੰਘਰਸ਼ ਹੋਵੇ ਜਾਂ ਅਫਗਾਨਿਸਤਾਨ ਦਾ ਸੰਘਰਸ਼। ਉਨ੍ਹਾਂ ਕਿਹਾ, ‘‘ਅੱਜ ਦਾ ਭਾਰਤ, ਭਾਰਤ ਮਾਤਾ ਦੇ ਕਿਸੇ ਵੀ ਬੱਚੇ ਦਾ ਸਾਥ ਨਹੀਂ ਛਡਦਾ। ਉਹ ਦੁਨੀਆਂ ਵਿਚ ਜਿੱਥੇ ਵੀ ਹੋਵੇ, ਭਾਰਤ ਉਸ ਨੂੰ ਔਖੇ ਸਮੇਂ ਵਿਚ ਕਦੇ ਵੀ ਇਕੱਲਾ ਨਹੀਂ ਛਡਦਾ, ਉਸ ਦਾ ਸਾਥ ਨਹੀਂ ਛੱਡ ਸਕਦਾ। ਅਤੇ ਇਸੇ ਲਈ ਮੈਂ ਕਹਿੰਦਾ ਹਾਂ ਕਿ ਤੁਸੀਂ ਮੇਰਾ ਪਰਿਵਾਰ ਹੋ। ਤੁਸੀਂ ਵੇਖਿਆ ਹੈ ਕਿ ਜਦੋਂ ਯੂਕਰੇਨ ’ਚ ਯੁੱਧ ਹੋਇਆ ਸੀ, ਅਸੀਂ ਅਪਣੇ ਹਜ਼ਾਰਾਂ ਬੱਚਿਆਂ ਨੂੰ ਸੁਰੱਖਿਅਤ ਲਿਆਏ। ਜਦੋਂ ਅਫਗਾਨਿਸਤਾਨ ’ਚ ਹਿੰਸਾ ਸ਼ੁਰੂ ਹੋਈ ਤਾਂ ਭਾਰਤ ਨੇ ਅਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਿਨ੍ਹਾਂ ’ਚ ਵੱਡੀ ਗਿਣਤੀ ’ਚ ਸਾਡੇ ਸਿੱਖ ਭੈਣ-ਭਰਾ ਵੀ ਮੌਜੂਦ ਸਨ। ਏਨਾ ਹੀ ਨਹੀਂ ਅਸੀਂ ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਪੂਰੇ ਸਤਿਕਾਰ ਨਾਲ ਭਾਰਤ ਲਿਆਂਦਾ।’’ ਭਾਰਤ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਗ੍ਰੀਸ ’ਚ ਆਉਂਦੇ ਹਨ, ਉਸੇ ਤਰ੍ਹਾਂ ਹੀ ਯੂਨਾਨ ਦੇ ਲੋਕ ਵੀ ਭਾਰਤ ਦੀ ਅਮੀਰ ਵਿਰਾਸਤ ਅਤੇ ਜੈਵਿਕ ਵੰਨ-ਸੁਵੰਨਤਾ ਨੂੰ ਵੇਖਣ ਲਈ ਭਾਰਤ ਆਉਣਾ ਸ਼ੁਰੂ ਕਰਨਗੇ। ਮੋਦੀ ਨੇ ਕਿਹਾ, ‘‘ਅੱਜ ਭਾਰਤ ਆਪਣੀ ਵਿਰਾਸਤ ਦਾ ਜਸ਼ਨ ਮਨਾ ਰਿਹਾ ਹੈ ਅਤੇ ਇਸ ਨੂੰ ਵਿਕਾਸ ਨਾਲ ਵੀ ਜੋੜ ਰਿਹਾ ਹੈ।’’

Leave a Reply

Your email address will not be published. Required fields are marked *