ਫਗਵਾੜਾ, 29 ਮਈ (ਰਮਨਦੀਪ) – ਰਾਜਸਥਾਨ ਆਰ.ਟੀ.ਓ ਵੱਲੋਂ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਭੇਜੇ ਗਏੇ ਇੱਕ ਮੈਸੇਜ ਨੇ ਉਕਤ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਕਾਰ ਇਹ ਸਭ ਉਸ ਨਾਲ ਕਿਵੇਂ ਹੋ ਗਿਆ। ਦਰਾਅਸਲ ਫਗਵਾੜਾ ਦੇ ਗੁਰੂ ਨਾਨਕ ਪੁਰਾ ਦੇ ਰਹਿਣ ਵਾਲੇ ਹਰਦੇਵ ਸਿੰਘ ਨੂੰ ਰਾਜਸਥਾਨ ਆਰ.ਟੀ.ਓ ਵੱਲੋਂ ਆਏ ਇੱਕ ਮੈਸੇਜ ਨੇ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਆਰ.ਟੀ.ਓ ਵੱਲੋਂ ਉਸ ਨੂੰ ਮੈਸੇਜ ਕਰਕੇ ਕਿਹਾ ਗਿਆ ਕਿ ਉਸ ਦੇ ਟਰਾਲੇ ਦਾ ਰਾਜਸਥਾਨ ਵਿੱਚ 2 ਹਜਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਸ ਮੈਸੇਜ ਦੇ ਆਉਣ ਤੋਂ ਬਾਅਦ ਆਪਣੀ ਸ਼ਿਕਾਇਤ ਥਾਣਾ ਸਿਟੀ ਵਿਖੇ ਦੇਣ ਗਏ ਹਰਦੇਵ ਸਿੰਘ ਨੇ ਦੱਸਿਆ ਕਿ ਉਕਤ ਗੱਡੀ ਉਸ ਦੇ ਬੇਟੇ ਦੇ ਨਾਂਅ ‘ਤੇ ਹੈ ਜਦ ਕਿ ਉਸ ਉਪਰ ਜੋ ਮੋਬਾਇਲ ਨੰਬਰ ਹੈ ਉਹ ਉਸ ਦਾ ਹੈ। ਉਸ ਨੇ ਕਿਹਾ ਕਿ ਪਿਛਲੇ ਕਈ ਮਹੀਨਿਆ ਤੋ ਉਸ ਦਾ ਟਰਾਲਾ ਪੰਜਾਬ ਤੋਂ ਬਾਹਰ ਨਹੀ ਗਿਆ ਤੇ ਰਾਜਸਥਾਨ ਵਿੱਚ ਉਸ ਦਾ ਚਲਾਨ ਕਿਵੇਂ ਕੱਟ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਉਨਾਂ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਜਾਂਚ ਦੀ ਮੰਗ ਕੀਤੀ ਹੈ।