ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿਚ ਨਹੀਂ ਹੋ ਰਹੀ ਕਾਊਂਸਲਿੰਗ, ਵਿਦਿਆਰਥੀ ਕਰ ਰਹੇ ਮਾਨਸਿਕ ਤਣਾਅ ਦਾ ਸਾਹਮਣਾ

ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਕਾਊਂਸਲਿੰਗ ਦੀ ਘਾਟ ਕਾਰਨ ਵਿਦਿਆਰਥੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਚਾਰ ਦਿਨ ਪਹਿਲਾਂ ਸੰਗਰੂਰ ਦੇ ਪਿੰਡ ਘਾਬਦਾਂ ਵਿਚ ਇਕ ਵਿਦਿਆਰਥੀ ਨੇ ਘੱਟ ਅੰਕ ਆਉਣ ਤੋਂ ਬਾਅਦ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਪੰਜਾਬ ਵਿੱਚ ਕੁੱਲ 9200 ਵਿਦਿਆਰਥੀ ਅਜਿਹੇ ਹਨ, ਜੋ ਕਾਊਂਸਲਿੰਗ ਦੀ ਘਾਟ ਅਤੇ ਇਕੱਲੇਪਣ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਘਾਬਦਾਂ ਵਿੱਚ ਇੱਕ ਵਿਦਿਆਰਥੀ ਦੀ ਕਥਿਤ ਮੌਤ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਮਿਲਣ ਵਾਲੀ ਮਾਨਸਿਕ ਸਿਹਤ ਸਹਾਇਤਾ ਉੱਤੇ ਸਵਾਲ ਖੜ੍ਹੇ ਕਰ ਦਿਤੇ ਹਨ। ਇਸ ਘਟਨਾ ਨੇ ਅਜਿਹੇ ਮਾਹੌਲ ਵਿੱਚ ਰਹਿ ਰਹੇ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ। ਸੂਬੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਬਠਿੰਡਾ, ਸੰਗਰੂਰ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਤਲਵਾੜਾ (ਹੁਸ਼ਿਆਰਪੁਰ) ਵਿੱਚ ਸਕੂਲ ਬਣਾਏ ਗਏ ਹਨ। ਇਨ੍ਹਾਂ ਸਕੂਲਾਂ ਵਿੱਚ ਗਰੀਬ ਤੇ ਹੁਸ਼ਿਆਰ ਵਿਦਿਆਰਥੀ ਸਾਇੰਸ ਸਟਰੀਮ, ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦੀ ਪੜ੍ਹਾਈ ਕਰਦੇ ਹਨ। ਜੇਕਰ ਲੁਧਿਆਣਾ ਦੇ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰੀਏ ਤਾਂ ਇਸ ਸਕੂਲ ਵਿੱਚ 1000 ਦੇ ਕਰੀਬ ਵਿਦਿਆਰਥੀ ਰਹਿੰਦੇ ਹਨ। ਸਾਰੇ ਵਿਦਿਆਰਥੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਨ। ਵਿਦਿਆਰਥੀਆਂ ‘ਤੇ ਨਿੱਜੀ ਮੋਬਾਈਲ ਫੋਨ ਦੀ ਵਰਤੋਂ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਸਕੂਲ ਦੇ ਅਨੁਸ਼ਾਸਨ ਅਨੁਸਾਰ, ਵਿਦਿਆਰਥੀਆਂ ਨੂੰ ਹਫ਼ਤੇ ਵਿਚ ਸਿਰਫ ਇੱਕ ਵਾਰ 2-3 ਮਿੰਟ ਲਈ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ। ਜੇਕਰ ਵਿਦਿਆਰਥੀ ਕਿਸੇ ਕਾਰਨ ਕਰਕੇ ਪਰਿਵਾਰ ਨੂੰ ਕਾਲ ਕਰਨ ਵਿੱਚ ਅਸਮਰੱਥ ਹੈ, ਤਾਂ ਉਸ ਨੂੰ ਆਪਣੇ ਖਰਚੇ ‘ਤੇ PCO ਰਾਹੀਂ ਮਾਪਿਆਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਗੱਲ ਕਰਨ ਲਈ ਅਗਲੇ ਨਿਯਤ ਹਫ਼ਤੇ ਤੱਕ ਉਡੀਕ ਕਰਨੀ ਪੈਂਦੀ ਹੈ। 11ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਹੋਸਟਲ ‘ਚ ਸ਼ੁਰੂਆਤੀ ਦੌਰ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਸਟਲ ਵਿੱਚ ਸੁਤੰਤਰ ਤੌਰ ‘ਤੇ ਰਹਿਣਾ ਅਤੇ ਸਭ ਕੁਝ ਨਵਾਂ ਹੋਣਾ ਜੀਵਨ ਨੂੰ ਚੁਣੌਤੀਪੂਰਨ ਬਣਾਉਂਦਾ ਹੈ। ਇਸੇ ਤਰ੍ਹਾਂ 16 ਸਾਲਾ ਨਾਨ-ਮੈਡੀਕਲ ਦੇ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਦੇ ਮਨ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਬਣਿਆ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਅਧਿਆਪਕਾਂ ਵਲੋਂ ਵੀ ਝਿੜਕਿਆ ਜਾਂਦਾ ਹੈ।

Leave a Reply

Your email address will not be published. Required fields are marked *