ਖੰਨਾ ਦੇ ਸਮਰਾਲਾ ਰੋਡ ’ਤੇ ਬੁੱਧਵਾਰ ਰਾਤ ਬਾਰਾਤ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ 5 ਲੋਕ ਜ਼ਖਮੀ ਹੋ ਗਏ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਹਾਦਸੇ ਦਾ ਸ਼ਿਕਾਰ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ। ਲਾੜੇ ਦੇ ਪਿਤਾ ਦੀ ਗੰਭੀਰ ਹਾਲਤ ਦੇਖਦੇ ਹੋਏ ਨੂੰ ਖੰਨਾ ਤੋਂ ਚੰਡੀਗੜ੍ਹ ਹਸਪਤਾਲ ’ਚ ਭੇਜ ਦਿੱਤਾ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਡੋਲੀ ਲੈ ਕੇ ਵਾਪਸ ਆ ਰਹੇ ਸਨ। ਹਾਲੇ ਲਾੜਾ ਲਾੜੀ ਘਰ ਵੀ ਨਹੀਂ ਪੁੱਜੇ ਸੀ ਕਿ ਰਸਤੇ ’ਚ ਗੱਡੀ ਨਾਲ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਖੰਨਾ ਤੋਂ ਬਾਰਾਤ ਸ੍ਰੀ ਮਾਛੀਵਾੜਾ ਸਾਹਿਬ ਗਈ ਸੀ। ਪਰਿਵਾਰ ਡੋਲੀ ਲੈ ਕੇ ਰਾਤ ਸਮੇਂ ਵਾਪਸ ਆ ਰਿਹਾ ਸੀ ਤਾਂ ਸਮਰਾਲਾ ਰੋਡ ’ਤੇ ਰਾਹੋਣ ਮੰਡੀ ਦੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਲਾੜਾ-ਲਾੜੀ ਦੀ ਕਾਰ ਅੱਗੇ ਸੀ। ਪਿੱਛੇ ਗੱਡੀ ’ਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ ਰਿਸ਼ਤੇਦਾਰ ਸਨ। ਇਸ ਕਾਰ ’ਚ ਸਵਾਰ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਦਾਖ਼ਲ ਕਰਵਾਇਆ ਗਿਆ। ਹਾਦਸੇ ’ਚ ਜ਼ਖਮੀ ਹੋਏ ਲਾੜੇ ਦੇ ਵੱਡੇ ਭਰਾ ਦਾ ਹਾਲੇ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ। ਬੁੱਧਵਾਰ ਨੂੰ ਛੋਟੇ ਭਰਾ ਦਾ ਵਿਆਹ ਸੀ। ਹਾਦਸੇ ਤੋਂ ਬਾਅਦ ਘਰ ’ਚ ਖੁਸ਼ੀਆਂ ਫਿੱਕੀਆਂ ਪੈ ਗਈਆਂ ਕਿਉਂਕਿ ਲਾੜੇ ਦੇ ਪਿਤਾ ਅਤੇ ਵੱਡੇ ਭਰਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਲਾੜੇ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਾਹਮਣੇ ਤੋਂ ਆਏ ਟਰੱਕ ਨੇ ਟੱਕਰ ਮਾਰ ਦਿੱਤੀ। ਦਵਿੰਦਰ ਕੁਮਾਰ ਅਨੁਸਾਰ ਟਰੱਕ ਡਰਾਈਵਰ ਦੀ ਗ.ਲਤੀ ਹੈ। ਜਿਸ ਕਾਰਨ ਹਾਦਸਾ ਹੋਇਆ। ਹਾਦਸੇ ’ਚ ਉਸ ਦੇ ਵੱਡੇ ਬੇਟੇ ਨੂੰ ਕਾਫੀ ਸੱਟਾਂ ਲੱਗੀਆਂ ਹਨ। ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਸਿਟੀ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲ ਗਈ ਹੈ। ਜਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਡਿਊਟੀ ਅਫ਼ਸਰ ਨੂੰ ਮੌਕਾ ਦੇਖਣ ਵੀ ਭੇਜਿਆ ਗਿਆ ਹੈ। ਆਲੇ ਦੁਆਲੇ ਲੱਗੇ ਕੈਮਰੇ ਵੀ ਦੇਖੇ ਜਾ ਰਹੇ ਹਨ।