ਕਿਸਾਨਾਂ ਦੇ ਦਿੱਲੀ ਕੂਚ (Farmers Protest) ਦਾ ਅਸਰ ਸ਼ਹਿਰ ’ਤੇ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਹਰਿਆਣਾ ’ਚ ਰੋਡ ਬੰਦ ਹੋਣ ਕਾਰਨ ਬੱਸਾਂ ’ਚ ਸਵਾਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਇਸ ਕਾਰਨ ਰੋਡਵੇਜ਼ ਨੇ ਜਲੰਧਰ-ਦਿੱਲੀ ਹਵਾਈ ’ਤੇ ਵੋਲਵੋਜ਼ ਦੀ ਗਿਣਤੀ ਵੀ ਛੇ ਤੋਂ ਘਟਾ ਕੇ ਦੋ ਕਰ ਦਿੱਤੀ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਹੀ ਆਮ ਬੱਸਾਂ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਟਰਾਂਸਪੋਰਟਰਾਂ ਨੂੰ ਦਿੱਲੀ ਮਾਰਚ ਕਾਰਨ ਪਹਿਲਾਂ ਹੀ ਨੁਕਸਾਨ ਝੱਲਣਾ ਪੈ ਰਿਹਾ ਹੈ। ਜਲੰਧਰ ਤੋਂ ਦਿੱਲੀ ਜਾਣ ਲਈ ਉਨ੍ਹਾਂ ਨੂੰ ਟਰੱਕਾਂ ਨੂੰ ਜ਼ੀਰਕਪੁਰ, ਪੰਚਕੂਲਾ ਤੋਂ ਸਾਹਿਬਾਬਾਦ ਰਾਹੀਂ ਦਿੱਲੀ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ 80 ਤੋਂ 100 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ। ਟਰਾਂਸਪੋਰਟਰਾਂ ਨੇ ਅਜੇ ਤੱਕ ਕਿਰਾਇਆ ਨਹੀਂ ਵਧਾਇਆ ਹੈ। ਪੰਜਾਬ-ਹਰਿਆਣਾ ਸਰਹੱਦ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਧਰਨੇ ਕਾਰਨ ਜਲੰਧਰ ਤੋਂ ਦਿੱਲੀ ਵੱਲ ਚੱਲਣ ਵਾਲੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੰਜਾਬ ਰੋਡਵੇਜ਼ ਜਲੰਧਰ ਦੀ ਮੈਨੇਜਮੈਂਟ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਆਈਜੀਆਈ ਏਅਰਪੋਰਟ, ਨਵੀਂ ਦਿੱਲੀ ਤੱਕ ਚੱਲਣ ਵਾਲੀਆਂ ਚਾਰ ਵੋਲਵੋ ਬੱਸਾਂ ਨੂੰ ਰੋਕ ਦਿੱਤਾ ਹੈ। ਹੁਣ ਜਲੰਧਰ ਤੋਂ ਏਅਰਪੋਰਟ ਲਈ ਸਿਰਫ ਦੋ ਵੋਲਵੋ ਰੋਡਵੇਜ਼ ਬੱਸਾਂ ਚੱਲ ਰਹੀਆਂ ਹਨ, ਜੋ ਦੁਪਹਿਰ 1 ਵਜੇ ਤੇ ਰਾਤ 8:30 ਵਜੇ ਚੱਲਦੀਆਂ ਹਨ। ਜਲੰਧਰ ਤੋਂ ਦਿੱਲੀ ਜਾਣ ਵਾਲੇ ਮੁੱਖ ਮਾਰਗਾਂ ’ਤੇ ਬੈਰੀਕੇਡਿੰਗ ਤੇ ਰੂਟ ਡਾਇਵਰਸ਼ਨ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਨਆਰਆਈ ਯਾਤਰੀਆਂ ਨੂੰ ਦਿੱਲੀ ਜਾਣ ਤੇ ਫਲਾਈਟ ਫੜਨ ’ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਸਵੇਰੇ ਦਿੱਲੀ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਫੜਣ ਵਾਲੀ ਵੀਰ ਕੌਰ ਨੇ ਕਿਹਾ ਕਿ ਹੁਣ ਉਸ ਨੇ ਮਜਬੂਰੀ ’ਚ ਅੰਮ੍ਰਿਤਸਰ ਤੋਂ ਦਿੱਲੀ ਲਈ ਫਲਾਈਟ ਬੁੱਕ ਕਰਵਾਈ ਹੈ। ਇਸੇ ਤਰ੍ਹਾਂ ਕਈ ਹੋਰ ਯਾਤਰੀ ਹੁਣ ਦਿੱਲੀ ਜਾਣ ਲਈ ਅੰਮ੍ਰਿਤਸਰ ਤੋਂ ਫਲਾਈਟ ਲੈਣ ਨੂੰ ਤਰਜੀਹ ਦੇ ਰਹੇ ਹਨ। ਇੰਨਾ ਹੀ ਨਹੀਂ ਦਿੱਲੀ ਨੂੰ ਜਾਣ ਵਾਲੀਆਂ ਰੋਡਵੇਜ਼ ਦੀਆਂ ਆਮ ਬੱਸਾਂ ’ਚ ਸਵਾਰੀਆਂ ਦੀ ਗਿਣਤੀ ਵੀ ਅਚਾਨਕ ਘਟ ਗਈ ਹੈ। ਕਿਸਾਨਾਂ ਦੇ ਦਿੱਲੀ ਵੱਲ ਕੂਚ ਕਾਰਨ ਲੋਕ ਬੱਸਾਂ ’ਚ ਲੰਮਾ ਸਫ਼ਰ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਸੋਮਵਾਰ ਸ਼ਾਮ ਨੂੰ ਵੀ ਹਰਿਆਣਾ ਦੇ ਰਸਤੇ ਦਿੱਲੀ ਜਾਣ ਵਾਲੀਆਂ ਜ਼ਿਆਦਾਤਰ ਬੱਸਾਂ ਜਲੰਧਰ ਬੱਸ ਸਟੈਂਡ ’ਤੇ ਖੜ੍ਹੀਆਂ ਰਹੀਆਂ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਗਿਣਤੀ ’ਚ ਅਚਾਨਕ ਭਾਰੀ ਕਮੀ ਆਈ ਹੈ। ਜਲੰਧਰ ਤੋਂ ਦਿੱਲੀ ਮੁੱਖ ਰਸਤੇ ਦੀ ਡਾਇਵਰਸ਼ਨ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਹੈ। ਇਸ ਕਾਰਨ ਬੱਸਾਂ ਦੀ ਗਿਣਤੀ ਘਟਾਈ ਗਈ ਹੈ। ਜੇਕਰ ਮੰਗਲਵਾਰ ਨੂੰ ਵੀ ਅਜਿਹੀ ਸਥਿਤੀ ਬਣੀ ਰਹੀ ਤਾਂ ਬੱਸਾਂ ਦੀ ਗਿਣਤੀ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਚਲਾਈ ਜਾਵੇਗੀ। ਇਸ ਦੇ ਨਾਲ ਹੀ ਮਾਲ ਦੀ ਢੋਆ-ਢੁਆਈ ਕਰਨ ਵਾਲੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਦਿੱਲੀ ਪਹੁੰਚਣ ਲਈ ਜ਼ੀਰਕਪੁਰ, ਪੰਚਕੂਲਾ, ਸਾਹਿਬਾਬਾਦ ਰੂਟ ਰਾਹੀਂ ਟਰੱਕ ਚਲਾਏ ਜਾ ਰਹੇ ਹਨ, ਜਿਸ ’ਚ ਉਨ੍ਹਾਂ ਨੂੰ ਦਿੱਲੀ ਪਹੁੰਚਣ ਲਈ ਕਰੀਬ 80 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਨਿਊ ਸਟਾਰ ਗੁਡਜ਼ ਕੈਰੀਅਰ ਦੇ ਆਪਰੇਟਰ ਬਾਲਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਜੇਕਰ ਅਗਲੇ ਦਿਨਾਂ ’ਚ ਮੁੱਖ ਮਾਰਗ ਨਾ ਖੁੱਲ੍ਹਿਆ ਤਾਂ ਮਾਲ ਭਾੜੇ ’ਚ ਵਾਧਾ ਕਰਨ ਲਈ ਮਜਬੂਰ ਹੋਵਾਂਗੇ। ਦੂਜੇ ਪਾਸੇ ਜਲੰਧਰ-ਦਿੱਲੀ ਰੂਟ ਬੰਦ ਹੋਣ ਕਾਰਨ ਜਲੰਧਰ ਦੇ ਐਕਸਪੋਰਟਰਾਂ ਨੂੰ ਵੀ ਚਿੰਤਾ ਹੋਣ ਲਗੀ ਹੈ। ਜੇਕਰ ਰਸਤਾ ਨਾ ਖੁੱਲ੍ਹਿਆ ਤਾਂ ਐਕਸਪੋਰਟ ਮਾਲ ਨੂੰ ਸਮੇਂ ਸਿਰ ਬੰਦਰਗਾਹ ਤੱਕ ਪਹੁੰਚਾਉਣਾ ਚੁਣੌਤੀ ਬਣ ਜਾਵੇਗਾ। ਐਕਸਪੋਰਟ ਹਾਊਸ ਸਾਵੀ ਇੰਟਰਨੈਸ਼ਨਲ ਦੇ ਡਾਇਰੈਕਟਰ ਮੁਕੁਲ ਵਰਮਾ ਨੇ ਕਿਹਾ ਕਿ ਐਕਸਪੋਰਟਰ ਤਾਂ ਇਹੀ ਕਾਮਨਾ ਕਰਦੇ ਹਨ ਕਿ ਇਸ ਰੁਕਾਵਟ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ’ਚ ਮਾਲ ਦੀ ਢੋਆ-ਢੁਆਈ ’ਚ ਕੋਈ ਦਿੱਕਤ ਨਾ ਆਵੇ, ਨਹੀਂ ਤਾਂ ਮਾਲ ਭੇਜਣ ’ਚ ਵੱਡੀ ਸਮੱਸਿਆ ਹੋ ਜਾਵੇਗੀ। ਕਿਸਾਨਾਂ ਦੇ ਦਿੱਲੀ ਕੂਚ ਕਾਰਨ ਜਲੰਧਰ ਦੀਆਂ ਸਨਅਤਾਂ ਨੂੰ ਵੀ ਚਿੰਤਾ ਸਤਾਉਣ ਲੱਗੀ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਰੋਬਾਰ ਨੂੰ ਘਾਟੇ ਦਾ ਡਰ ਸਤਾ ਰਿਹਾ ਹੈ। ਜਲੰਧਰ ਦੇ ਉਦਯੋਗਾਂ ਲਈ ਜ਼Çਆਦਾਤਰ ਕੱਚਾ ਮਾਲ ਦੂਜੇ ਸੂਬਿਆਂ ਤੋਂ ਆਉਂਦਾ ਹੈ। ਜੇਕਰ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਟਕਰਾਅ ਵਧਦਾ ਹੈ ਤਾਂ ਉਦਯੋਗਾਂ ਦੀ ਸਪਲਾਈ ਲੜੀ ਪ੍ਰਭਾਵਿਤ ਹੋ ਸਕਦੀ ਹੈ। ਕੱਚਾ ਮਾਲ ਇੰਡਸਟਰੀ ਤੱਕ ਨਹੀਂ ਪਹੁੰਚੇਗਾ ਤੇ ਤਿਆਰ ਮਾਲ ਬਾਹਰ ਨਹੀਂ ਜਾ ਸਕੇਗਾ। ਜੇਕਰ ਉਦਯੋਗਪਤੀ ਕਿਸੇ ਹੋਰ ਰੂਟ ਰਾਹੀਂ ਕਿਸੇ ਹੋਰ ਸੂਬੇ ਨੂੰ ਮਾਲ ਭੇਜਦਾ ਹੈ ਜਾਂ ਕੱਚੇ ਮਾਲ ਦੀ ਖਰੀਦ ਕਰਦਾ ਹੈ ਤਾਂ ਖਰਚਿਆਂ ਦਾ ਪੰਜ ਤੋਂ ਦਸ ਫੀਸਦੀ ਵਾਧੂ ਬੋਝ ਪਵੇਗਾ। ਜੇਕਰ ਮਾਲ ਸਮੇਂ ਸਿਰ ਨਹੀਂ ਪਹੁੰਚਦਾ, ਤਾਂ ਭੁਗਤਾਨ ਬੰਦ ਹੋ ਜਾਵੇਗਾ। ਆਰਡਰ ਵੀ ਰੱਦ ਹੋ ਸਕਦੇ ਹਨ। ਇਸ ਵੇਲੇ ਜਲੰਧਰ ਦੀ ਇੰਡਸਟਰੀ ’ਚ ਦਸ ਦਿਨਾਂ ਦਾ ਕੱਚਾ ਮਾਲ ਪਿਆ ਹੈ। ਉਦਯੋਗ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਭਸੀਨ ਨੇ ਕਿਹਾ ਕਿ ਇੰਡਸਟਰੀ ਲਈ 90 ਫੀਸਦੀ ਕੱਚਾ ਮਾਲ ਦੂਜੇ ਸੂਬਿਆਂ ਤੋਂ ਆਉਂਦਾ ਹੈ। ਤਿਆਰ ਮਾਲ ਦੂਜੇ ਸੂਬਿਆਂ ਨੂੰ ਵੀ ਜਾਂਦਾ ਹੈ। ਜੇਕਰ ਸੰਘਰਸ਼ ਤਿੱਖਾ ਹੋਇਆ ਤਾਂ ਇੰਡਸਟਰੀ ਦੀ ਸਪਲਾਈ ਚੇਨ ਬੰਦ ਹੋ ਜਾਵੇਗੀ। ਇੰਡਸਟਰੀ ’ਤੇ ਵਾਧੂ ਬੋਝ ਪਵੇਗਾ। ਜੇਕਰ ਮਾਲ ਹੋਰ ਰੂਟਾਂ ਰਾਹੀਂ ਮੰਗਵਾਇਆ ਜਾਂਦਾ ਹੈ, ਤਾਂ ਖਰਚਿਆਂ ਦਾ ਵਾਧੂ ਬੋਝ ਪਵੇਗਾ। ਡਿਲਿਵਰੀ ਦਾ ਨੁਕਸਾਨ ਹੋਵੇਗਾ। ਦਿੱਲੀ ਮੋਰਚਾ-2 ਤਹਿਤ ਕਿਸਾਨ ਜਥੇਬੰਦੀਆਂ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ-ਹਰਿਆਣਾ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਯਾਤਰੀਆਂ ਨੇ ਰੇਲਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਮੱਦੇਨਜ਼ਰ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਵਾਧੂ ਭੀੜ ਹੋ ਗਈ ਹੈ। ਰੇਲਵੇ ਕਰਮਚਾਰੀਆਂ ਮੁਤਾਬਕ ਯਾਤਰੀਆਂ ਦੀ ਗਿਣਤੀ ਪਹਿਲਾਂ ਹੀ ਕਰੀਬ 15 ਤੋਂ 20 ਫ਼ੀਸਦੀ ਵਧਣੀ ਸ਼ੁਰੂ ਹੋ ਗਈ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਦਿਨ ਭਰ ਰਿਜ਼ਰਵੇਸ਼ਨ ਟਿਕਟਾਂ ਦੇ ਨਾਲ-ਨਾਲ ਕਾਊਂਟਰ ਟਿਕਟਾਂ ’ਤੇ ਯਾਤਰੀਆਂ ਦੀ ਚੰਗੀ ਭੀੜ ਦੇਖਣ ਨੂੰ ਮਿਲੀ। ਹਾਲਾਂਕਿ, ਜ਼ਿਆਦਾਤਰ ਟਰੇਨਾਂ ਪਹਿਲਾਂ ਹੀ ਪੂਰੀ ਤਰ੍ਹਾਂ ਚੱਲ ਰਹੀਆਂ ਹਨ ਤੇ ਵੇਟਿੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਤਰ੍ਹਾਂ ਯਾਤਰੀਆਂ ਵਲੋਂ ਰੇਲ ਗੱਡੀਆਂ ’ਚ ਸਫ਼ਰ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ’ਚ ਸਟੇਸ਼ਨ ’ਤੇ ਭੀੜ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ।