ਲੁਧਿਆਣਾ ਵਿਚ ਕਾਰੋਬਾਰ ਕਰਕੇ ਆਰਥਿਕ ਹਾਲਤ ਸੁਧਾਰਨ ਲਈ ਔਰਤਾਂ ਦੇ ਉਤਪਾਦਕ ਗਰੁੱਪ ਬਣਾਏ ਜਾਣਗੇ। ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੇਂਦਰ ਸਰਕਾਰ ਵਲੋਂ 2 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਇਸ ‘ਚ 50 ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ। ਜਲਦੀ ਹੀ ਇਸ ਸਕੀਮ ਸਬੰਧੀ ਔਰਤਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਭਾਰਤ ਸਰਕਾਰ ਵਲੋਂ ਪਿੰਡਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਵੈ-ਸਹਾਇਤਾ ਗਰੁੱਪ ਬਣਾਏ ਗਏ ਹਨ। ਨਵੀਂ ਪ੍ਰਣਾਲੀ ਤਹਿਤ ਜ਼ਿਲ੍ਹੇ ਵਿੱਚ ਸਵੈ-ਸਹਾਇਤਾ ਸਮੂਹਾਂ ਦੇ ਨਾਲ-ਨਾਲ ਉਤਪਾਦਕ ਗਰੁੱਪ ਵੀ ਬਣਾਏ ਜਾਣਗੇ। ਉਤਪਾਦਕ ਸਮੂਹ ਵਿਚ ਉਨ੍ਹਾਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਜੋ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਪੇਂਡੂ ਖੇਤਰਾਂ ਵਿੱਚ ਜੀਵਨ ਬਤੀਤ ਕਰ ਰਹੀਆਂ ਹਨ। ਨੈਸ਼ਨਲ ਅਰਬਨ ਆਜੀਵਿਕਾ ਮਿਸ਼ਨ ਦੇ ਕਲੱਸਟਰ ਕੋਆਰਡੀਨੇਟਰ ਨੀਲੇਸ਼ ਗੁਪਤਾ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ ਛੇ ਉਤਪਾਦਕ ਗਰੁੱਪ ਬਣਾਏ ਗਏ ਹਨ। ਇਸ ਵਿਚ ਸਲੇਮਪੁਰਾ ਪ੍ਰੋਡਿਊਸਰ ਗਰੁੱਪ, ਸੁੱਖ ਪ੍ਰੋਡਿਊਸਰ ਗਰੁੱਪ, ਵਾਹਿਗੁਰੂ ਪ੍ਰੋਡਿਊਸਰ, ਗਰੁੱਪ ਤਲਵਾੜਾ, ਅਜੀਤ ਪ੍ਰੋਡਿਊਸਰ ਗਰੁੱਪ ਪੰਡੂਆ, ਭੜੋਵਾਲ ਪ੍ਰੋਡਿਊਸਰ ਗਰੁੱਪ ਅਤੇ ਸਵਾਮੀ ਪ੍ਰੋਡਿਊਸਰ ਗਰੁੱਪ ਸ਼ਾਮਲ ਹਨ। ਸੁਖ ਉਤਪਾਦਕ ਸਮੂਹ ਦੇ ਇਕ ਸਮੂਹ ਵਿਚ ਵੱਧ ਤੋਂ ਵੱਧ 21 ਔਰਤਾਂ ਅਤੇ 5 ਸਮੂਹਾਂ ਵਿਚ 20-20 ਔਰਤਾਂ ਸ਼ਾਮਲ ਹਨ। ਇਸ ਸਕੀਮ ਤਹਿਤ ਹਰੇਕ ਗਰੁੱਪ ਨੂੰ ਸਰਕਾਰ ਵੱਲੋਂ 2 ਲੱਖ ਰੁਪਏ ਦਾ ਕਰਜ਼ਾ ਦਿਤਾ ਜਾਵੇਗਾ। ਇਸ ਵਿਚ ਕਾਰੋਬਾਰ ਲਈ ਡੇਢ ਲੱਖ ਰੁਪਏ ਅਤੇ ਪੰਜਾਹ ਹਜ਼ਾਰ ਦੀ ਸਬਸਿਡੀ ਦਿਤੀ ਜਾਵੇਗੀ। ਜ਼ਿਲ੍ਹੇ ਵਿਚ ਇਸ ਲਈ 12 ਲੱਖ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ, ਜੋ ਜਲਦੀ ਹੀ ਪ੍ਰਕਿਰਿਆ ਅਨੁਸਾਰ ਸਮੂਹ ਨੂੰ ਦਿਤਾ ਜਾਵੇਗਾ। ਸਿੰਧਵਾ ਬੇਟ ਦੇ ਬਲਾਕ ਪ੍ਰੋਗਰਾਮ ਮੈਨੇਜਰ ਹਰਮੀਤ ਸਿੰਘ ਨੇ ਦੱਸਿਆ ਕਿ ਇਹ ਰਕਮ ਇਕ ਸਾਲ ਬਾਅਦ ਸੱਤ ਫੀਸਦੀ ਵਿਆਜ ਸਮੇਤ ਵਾਪਸ ਕਰਨੀ ਪਵੇਗੀ। ਕਲੱਸਟਰ ਕੋਆਰਡੀਨੇਟਰ ਨੀਲੇਸ਼ ਗੁਪਤਾ ਨੇ ਦਸਿਆ ਕਿ ਇਸ ਸਕੀਮ ਦਾ ਉਦੇਸ਼ ਔਰਤਾਂ ਨੂੰ ਕਾਰੋਬਾਰ ਸਥਾਪਿਤ ਕਰਕੇ ਆਰਥਿਕ ਤੌਰ ‘ਤੇ ਸਮਰੱਥ ਬਣਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹਾ ਹੋ ਸਕਣ। ਕਲੱਸਟਰ ਕੋਆਰਡੀਨੇਟਰ ਨੀਲੇਸ਼ ਗੁਪਤਾ ਨੇ ਦੱਸਿਆ ਕਿ ਉਦਾਹਰਣ ਵਜੋਂ ਜੇਕਰ ਕੋਈ ਗਰੁੱਪ ਹਲਦੀ ਦੀ ਖੇਤੀ ਕਰਦਾ ਹੈ ਤਾਂ ਉਸ ਨੂੰ ਵੇਚਣ ਲਈ ਇਸ ਨੂੰ ਪੀਸਣਾ ਪਵੇਗਾ। ਇਸ ਦੇ ਲਈ ਪੂਰੀ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। ਇਸ ਲਈ ਬੁਨਿਆਦੀ ਢਾਂਚੇ ਅਤੇ ਮਸ਼ੀਨਾਂ ਦੀ ਲੋੜ ਪਵੇਗੀ। 50 ਹਜ਼ਾਰ ਰੁਪਏ ਬੁਨਿਆਦੀ ਢਾਂਚਾ ਫੰਡ ਵਜੋਂ ਵਰਤੇ ਜਾਣਗੇ। ਮਸ਼ੀਨਾਂ ਆਦਿ ਲਗਾ ਕੇ ਹਲਦੀ ਨੂੰ ਪੀਸਿਆ ਜਾਵੇਗਾ। ਪੈਕਿੰਗ ਤੋਂ ਬਾਅਦ ਹਲਦੀ ਨੂੰ ਬਾਜ਼ਾਰ ‘ਚ ਉਤਾਰਿਆ ਜਾਵੇਗਾ।