ਹੁਣ ਪੀ.ਜੀ.ਆਈ. ’ਚ ਇਲਾਜ ਕਰਵਾਉਣ ਵਾਲਿਆਂ ਨੂੰ ਕਾਰਡ ਬਣਵਾਉਣ ਲਈ ਭੀੜ ’ਚ ਨਹੀਂ ਰੁਲਣਾ ਪਵੇਗਾ

ਪੀ.ਜੀ.ਆਈ. ਓ.ਪੀ.ਡੀ. ’ਚ ਰੋਜ਼ਾਨਾ ਚੈੱਕਅਪ ਲਈ ਆਉਣ ਵਾਲੇ ਦੇਸ਼ ਭਰ ਦੇ ਮਰੀਜ਼ਾਂ ਨੂੰ ਕਾਰਡ ਬਣਾਉਣ ’ਚ ਲੱਗਣ ਵਾਲੀਆਂ ਲਾਈਨਾਂ ’ਚ ਲੱਗਣ ਜਾਂ ਮੋਬਾਈਲ ਤੋਂ ਪੀ.ਜੀ.ਆਈ. ਦੀ ਵੈੱਬਸਾਈਟ ’ਤੇ ਮੁਸ਼ਕਲ ਨਾਲ ਹੋਣ ਵਾਲੀ ਰਜਿਸਟ੍ਰੇਸ਼ਨ ਤੋਂ ਬਚਣ ਦਾ ਇਕ ਹੋਰ ਆਸਾਨ ਰਾਹ ਤਿਆਰ ਕਰਨ ਜਾ ਰਿਹਾ ਹੈ। ਹਾਲੇ ਤਕ ਪੀ.ਜੀ.ਆਈ. ਦੀ ਵੈੱਬਸਾਈਟ ਤੋਂ ਵਧੀਆ ਹੁੰਗਾਰਾ ਮਿਲਣ ਤੋਂ ਬਾਅਦ ਹੁਣ ਪੀ.ਜੀ.ਆਈ. ਪ੍ਰਸ਼ਾਸਨ ਅਪਣੀ ਐਪ ਲਾਂਚ ਕਰਨ ਜਾ ਰਿਹਾ ਹੈ। ਇਸ ਸੁਵਿਧਾ ਵਿਚ ਰੋਜ਼ਾਨਾ ਪੀ.ਜੀ.ਆਈ. ਆਉਣ ਵਾਲੇ ਕਰੀਬ 8 ਤੋਂ 10 ਹਜ਼ਾਰ ਮਰੀਜ਼ਾਂ ਨੂੰ ਰਾਹਤ ਮਿਲੇਗੀ। ਪਾਇਲਟ ਪ੍ਰਾਜੈਕਟ ਰਾਹੀਂ ਇਸ ਨਵੀਂ ਪਹਿਲ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ।ਪੀ.ਜੀ.ਆਈ. ਡਾਇਰੈਕਟਰ ਪ੍ਰੋ. ਵਿਵੇਕ ਲਾਲ ਦਾ ਕਹਿਣਾ ਹੈ ਕਿ ਇਹ ਬਹੁਤ ਵੱਡੀ ਅਤੇ ਸ਼ਾਨਦਾਰ ਪਹਿਲ ਹੈ। ਇਸ ਦੀ ਮਦਦ ਨਾਲ ਪੀ.ਜੀ.ਆਈ. ਅਤੇ ਜ਼ਿਆਦਾ ਮਰੀਜ਼ ਦੋਸਤ ਬਣ ਸਕੇਗਾ। ਓ.ਪੀ.ਡੀ. ’ਚ ਵਧਦੀ ਮਰੀਜ਼ਾਂ ਦੀ ਸੰਖਿਆ ਪਿਛਲੇ ਕੁੱਝ ਸਾਲਾਂ ਤੋਂ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਐਪ ਨੂੰ ਦੂਜੇ ਐਪ ਵਾਂਗ ਫ਼ੋਨ ’ਚ ਡਾਊਨਲੋਡ ਕੀਤਾ ਜਾ ਸਕੇਗਾ। ਜਿਥੇ ਮਰੀਜ਼ ਅਪਣੀ ਜਾਣਕਾਰੀ ਪਾ ਕੇ ਖ਼ੁਦ ਦਾ ਰਜਿਸਟ੍ਰੇਸ਼ਨ ਕਰੇਗਾ। ਆਨਲਾਈਨ ਹੀ ਕਾਰਡ ਦੀ ਅਦਾਇਗੀ ਵੀ ਹੋਵੇਗੀ। ਮਰੀਜ਼ ਨੂੰ ਕਾਰਡ ਨੰਬਰ ਵੀ ਜਨਰੇਟ ਹੋਵੇਗਾ। ਪ੍ਰਿੰਟ-ਆਊਟ ਰਜਿਸਟ੍ਰੇਸ਼ਨ ਦਾ ਪਰੂਫ਼ ਹੋਵੇਗਾ। ਪੀ.ਜੀ.ਆਈ. ’ਚ ਕਾਰਡ ਬਣਾਉਣ ਵਾਲੇ ਕਾਊਂਟਰ ’ਤੇ ਮਰੀਜ਼ਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਜੋ ਲੋਕ ਫ਼ੋਨ ਦਾ ਇਸਤੇਮਾਲ ਨਹੀਂ ਕਰ ਸਕਦੇ, ਉਨ੍ਹਾਂ ਲਈ ਚੰਡੀਗੜ੍ਹ ’ਚ ਈ-ਸੰਪਰਕ ਕੇਂਦਰਾਂ ਵਰਗੇ ਵੱਖ-ਵੱਖ ਸੂਬਿਆਂ ਤੋਂ ਸਮਾਨ ਸੇਵਾਂ ਕੇਂਦਰਾਂ ਦੇ ਕਰਮਚਾਰੀ ਵੀ ਮਰੀਜ਼ਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨਗੇ। ਉਨ੍ਹਾਂ ਨੂੰ ਇਕ ਪ੍ਰਿੰਟ ਆਊਟ ਦੇਣਗੇ, ਜਿਸ ਨੂੰ ਓ. ਪੀ. ਡੀ. ਗੇਟ ਦੇ ਬਾਹਰ ਮੌਜੂਦ ਕਾਰਡ ’ਤੇ ਲਗਾਉਣਾ ਹੋਵੇਗਾ। ਇਹ ਐਪ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰੇਗੀ, ਸਗੋਂ ਨਾਲ ਹੀ ਮਰੀਜ਼ ਓ.ਪੀ.ਡੀ. ’ਚ ਆਉਣ ਲਈ ਅਪਣੀ ਸਹੂਲਤ ਦੀ ਮਿਤੀ ਅਤੇ ਸਮਾਂ ਵੀ ਚੁਣ ਸਕੇਗਾ। ਇਸ ਤਰ੍ਹਾਂ ਮਰੀਜ਼ ਨੂੰ ਸਵੇਰੇ ਜਲਦੀ ਪੀ.ਜੀ.ਆਈ. ਆਉਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਜੇ ਮਰੀਜ਼ ਨੂੰ ਐਪ ’ਤੇ ਦੁਪਹਿਰ 1 ਵਜੇ ਦਾ ਸਮਾਂ ਮਿਲਿਆ ਹੈ, ਤਾਂ ਉਹ ਉਸ ਸਮੇਂ ’ਤੇ ਆ ਸਕੇਗਾ। ਸ਼ੁਰੂਆਤੀ ਪੜਾਅ ਵਿਚ, ਐਪ ’ਤੇ ਆਨਲਾਈਨ ਮਰੀਜ਼ਾਂ ਲਈ ਕੈਪਿੰਗ ਹੋਵੇਗੀ, ਭਾਵ ਇਕ ਦਿਨ ’ਚ ਇਕ ਨਿਸ਼ਚਿਤ ਗਿਣਤੀ ’ਚ ਮਰੀਜ਼ ਰਜਿਸਟਰ ਕਰ ਸਕਣਗੇ। ਐਪ ਦੇ ਉਪਲਬਧ ਹੋਣ ’ਤੇ, ਡਾਕਟਰਾਂ ਕੋਲ ਉਨ੍ਹਾਂ ਮਰੀਜ਼ਾਂ ਦੀ ਸੂਚੀ ਹੋਵੇਗੀ ਜਿਨ੍ਹਾਂ ਨੇ ਆਨਲਾਈਨ ਰਜਿਸਟਰ ਕੀਤਾ ਹੈ ਅਤੇ ਇਸ ਨਾਲ ਪਾਰਦਰਸ਼ਤਾ ਬਰਕਰਾਰ ਰਹੇਗੀ। ਇਹ ਬਹੁਤ ਐਡਵਾਂਸ ਲੈਵਲ ਸਿਸਟਮ ਹੋਵੇਗਾ। ਡਿਪਟੀ ਡਾਇਰੈਕਟਰ ਅਨੁਸਾਰ ਅਸੀਂ ਭਵਿੱਖ ’ਚ ਮਰੀਜ਼ਾਂ ਲਈ ਇਕ ਕਿਊ-ਆਰ-ਕੋਡ ਬਣਾਉਣ ਦੀ ਵੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਵੱਖ-ਵੱਖ ਟੈਸਟਾਂ ਲਈ ਲਾਈਨਾਂ ’ਚ ਨਾ ਖੜਾ ਹੋਣਾ ਪਵੇ। ਕਿਊ-ਆਰ ਕੋਡ ਤੇ ਉਨ੍ਹਾਂ ਦੀ ਟੈਸਟ ਜਮ੍ਹਾਂ ਕੀਤੀ ਜਾ ਸਕੇਗੀ। ਇਸ ਨਾਲ ਨਾ ਸਿਰਫ਼ ਮਰੀਜ਼ਾਂ ਦਾ ਸਮਾਂ ਬਚੇਗਾ, ਸਗੋਂ ਭੀੜ ਅਤੇ ਪਾਰਕਿੰਗ ਦੀ ਸਮੱਸਿਆ ਤੋਂ ਵੀ ਕੁੱਝ ਰਾਹਤ ਮਿਲੇਗੀ। ਪੀ.ਜੀ.ਆਈ. ਨੇ 2016 ’ਚ ਰਜਿਸਟ੍ਰੇਸ਼ਨ ਲਈ ਅਪਣੀ ਵੈੱਬਸਾਈਟ ਦੀ ਸਹੂਲਤ ਦਿਤੀ ਸੀ ਪਰ ਉਹ ਸਹੂਲਤ ਜ਼ਿਆਦਾ ਸਫ਼ਲ ਨਹੀਂ ਹੋ ਸਕੀ। ਪੀ.ਜੀ.ਆਈ. ਓ.ਪੀ.ਡੀ. ਆਉਣ ਵਾਲੇ ਕੁਲ ਮਰੀਜ਼ਾਂ ਦਾ 20 ਫ਼ੀ ਸਦੀ ਵੀ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਨਹੀਂ ਕਰ ਸਕੇ, ਜਿਸ ਦਾ ਕਾਰਨ ਇਹ ਹੈ ਕਿ ਪੀ.ਜੀ.ਆਈ. ਦੀ ਵੈੱਬਸਾਈਟ ਮਸਰੂਫ਼ ਹੋਣ ਨਾਲ ਉਹ ਹਰ ਮੋਬਾਈਲ ’ਤੇ ਓਪਨ ਹੋਣ ’ਚ ਮੁਸ਼ਕਲ ਆਉਂਦੀ ਸੀ। ਫਿਰ ਵੈੱਬਸਾਈਟ ’ਤੇ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਸਮੇਂ ਇੰਟਰਨੈੱਟ ਕਮਜ਼ੋਰ ਹੋਣ ਕਾਰਨ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਪਾਉਂਦੀ ਸੀ। ਇਸ ਕਾਰਨ ਚੰਡੀਗੜ੍ਹ ਅਤੇ ਆਸ-ਪਾਸ ਦੇ ਲੋਕਾਂ ਨੂੰ ਅੱਜ ਵੀ ਪੀ.ਜੀ.ਆਈ. ਆ ਕੇ ਹੀ ਕਾਰਡ ਬਣਾਉਂਣੇ ਪੈਦੇ ਹਨ। ਪੀ.ਜੀ.ਆਈ. ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਅਨੁਸਾਰ ਹਸਪਤਾਲ ਵਲੋਂ ਇਕ ਟੀਮ ਏਮਜ਼ ਭੁਵਨੇਸ਼ਵਰ ਵਿਚ ਇਸ ਪ੍ਰਾਜੈਕਟ ਸਬੰਧੀ ਜਾਣ ਵਾਲੀ ਹੈ। ਉਥੇ ਇਹ ਸਿਸਟਮ ਪਹਿਲਾਂ ਤੋਂ ਕੰਮ ਰਿਹਾ ਹੈ। ਫਿਲਹਾਲ ਸਾਰੇ ਵਿਭਾਗਾਂ ਲਈ ਇਸ ਨੂੰ ਸ਼ੁਰੂ ਕਰਨਾ ਥੋੜ੍ਹਾ ਮੁਸ਼ਕਲ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੱਭ ਤੋਂ ਪਹਿਲਾਂ ਆਈ ਡਿਪਾਰਟਮੈਂਟ ’ਚ ਇਕ ਪਾਇਲਟ ਪ੍ਰਾਜੈਕਟ ਨਾਲ ਇਸ ਸਹੂਲਤ ਨੂੰ ਸ਼ੁਰੂ ਕੀਤਾ ਜਾਵੇਗਾ। ਫਿਰ ਜਿਸ ਤਰ੍ਹਾਂ ਦਾ ਹੁੰਗਾਰਾ ਆਵੇਗਾ, ਉਸ ਮੁਤਾਬਕ ਹੋਰ ਵਿਭਾਗਾਂ ਨੂੰ ਇਸ ਪ੍ਰਾਜੈਕਟ ਨਾਲ ਜੋੜਿਆ ਜਾਵੇਗਾ।

Leave a Reply

Your email address will not be published. Required fields are marked *