ਪਰਵਾਰਕ ਮੈਡੀਕਲ ਐਮਰਜੈਂਸੀ ਕਾਰਨ ਭਾਰਤੀ ਟੀਮ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਤੁਰੰਤ ਪ੍ਰਭਾਵ ਨਾਲ ਟੈਸਟ ਟੀਮ ਤੋਂ ਅਪਣਾ ਨਾਂ ਵਾਪਸ ਲੈ ਲਿਆ ਹੈ। ਉਹ ਰਾਜਕੋਟ ਦੇ ਨਿਰੰਜਨ ਸ਼ਾਹ ਕ੍ਰਿਕਟ ਸਟੇਡੀਅਮ ‘ਚ ਚੱਲ ਰਹੇ ਤੀਜੇ ਭਾਰਤ ਬਨਾਮ ਇੰਗਲੈਂਡ ਟੈਸਟ ਮੈਚ ‘ਚ ਵੀ ਹਿੱਸਾ ਨਹੀਂ ਲੈ ਸਕਣਗੇ। ਆਰ ਅਸ਼ਵਿਨ ਨੇ ਸ਼ੁਕਰਵਾਰ ਦੁਪਹਿਰ ਨੂੰ ਅਪਣਾ 500ਵਾਂ ਟੈਸਟ ਵਿਕਟ ਲਿਆ ਅਤੇ ਕੁੱਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਪਰਵਾਰਕ ਐਮਰਜੈਂਸੀ ਕਾਰਨ ਟੈਸਟ ਟੀਮ ਛੱਡਣੀ ਪਈ। ਇਸ ਦੀ ਜਾਣਕਾਰੀ ਖੁਦ ਬੀ.ਸੀ.ਸੀ.ਆਈ. ਨੇ ਦਿਤੀ ਹੈ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਵਲੋਂ ਇਕ ਮੀਡੀਆ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪੂਰੀ ਟੀਮ ਇਸ ਚੁਣੌਤੀਪੂਰਨ ਸਮੇਂ ਵਿਚ ਅਸ਼ਵਿਨ ਦਾ ਪੂਰਾ ਸਮਰਥਨ ਕਰਦੀ ਹੈ। ਬੀ.ਸੀ.ਸੀ.ਆਈ. ਚੈਂਪੀਅਨ ਕ੍ਰਿਕਟਰ ਅਤੇ ਉਸ ਦੇ ਪਰਵਾਰ ਨੂੰ ਅਪਣਾ ਸਮਰਥਨ ਦਿੰਦਾ ਹੈ। ਖਿਡਾਰੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਦੀ ਸਿਹਤ ਅਤੇ ਤੰਦਰੁਸਤੀ ਬਹੁਤ ਮਹੱਤਵਪੂਰਨ ਹੈ। ਬੋਰਡ ਬੇਨਤੀ ਕਰਦਾ ਹੈ ਕਿ ਅਸ਼ਵਿਨ ਅਤੇ ਉਸ ਦੇ ਪਰਵਾਰ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ ਕਿਉਂਕਿ ਉਹ ਇਸ ਚੁਣੌਤੀਪੂਰਨ ਸਮੇਂ ਵਿਚੋਂ ਲੰਘ ਰਹੇ ਹਨ।ਜਿਵੇਂ ਕਿ ਬੀ.ਸੀ.ਸੀ.ਆਈ. ਨੇ ਅਪਣੇ ਬਿਆਨ ਵਿਚ ਕਿਹਾ ਹੈ ਕਿ ਪਰਵਾਰ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ‘ਚ ਉਨ੍ਹਾਂ ਦੇ ਪਰਵਾਰ ‘ਚ ਕਿਹੜੀ ਸਮੱਸਿਆ ਆ ਗਈ ਹੈ, ਇਸ ਬਾਰੇ ਕੋਈ ਵੀ ਅੰਦਾਜ਼ਾ ਲਗਾਉਣਾ ਗਲਤ ਹੋਵੇਗਾ। ਹਾਲਾਂਕਿ, ਇਹ ਟੀਮ ਇੰਡੀਆ ਲਈ ਝਟਕਾ ਹੈ, ਕਿਉਂਕਿ ਉਹ ਇਸ ਟੈਸਟ ਵਿਚ ਅੱਗੇ ਹਿੱਸਾ ਨਹੀਂ ਲੈ ਸਕਣਗੇ ਅਤੇ ਟੀਮ ਇੰਡੀਆ ਨੂੰ ਇਕ ਪ੍ਰਮੁੱਖ ਆਫ ਸਪਿਨਰ ਦੀ ਕਮੀ ਮਹਿਸੂਸ ਹੋਵੇਗੀ। ਕ੍ਰਿਕੇਟ ਦੇ ਨਿਯਮ ਅਜਿਹੇ ਹਨ ਕਿ ਤੁਸੀਂ ਸਿਰਫ ਸੱਟ ਲੱਗਣ ਦੀ ਸਥਿਤੀ ਵਿਚ ਹੀ ਬਦਲ ਪ੍ਰਾਪਤ ਕਰ ਸਕਦੇ ਹੋ, ਪਰ ਕਿਸੇ ਵੀ ਹੋਰ ਤਰੀਕੇ ਨਾਲ ਤੁਹਾਡੀ ਜਗ੍ਹਾ ਕੋਈ ਹੋਰ ਖਿਡਾਰੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਹੀਂ ਕਰ ਸਕਦਾ ਹੈ। ਮੈਚ ਦੌਰਾਨ ਕਿਸੇ ਹੋਰ ਗੰਭੀਰ ਸੱਟ ਲਈ, ਤੁਹਾਨੂੰ ਸਿਰਫ ਫੀਲਡਰ ਮਿਲਦਾ ਹੈ। ਅਜਿਹੀ ਸਥਿਤੀ ਵਿਚ ਭਾਰਤ ਕੋਲ ਹੁਣ ਦੋ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਅਤੇ ਦੋ ਸਪਿਨਰ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਹਨ।