ਦੁੱਧ ਲੈਣ ਜਾ ਰਹੇ ਵਿਅਕਤੀ ਨੂੰ ਟਰੱਕ ਨੇ ਕੁਚਲਿਆ, ਮੌਕੇ ‘ਤੇ ਹੋਈ ਮੌਤ

ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਵਿਚ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 45 ਸਾਲਾ ਜਸਬੀਰ ਸਿੰਘ ਵਜੋਂ ਹੋਈ ਹੈ। ਵਿਅਕਤੀ ਦੁੱਧ ਲੈਣ ਲਈ ਘਰੋਂ ਨਿਕਲਿਆ ਸੀ। ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰਕ ਮੈਂਬਰ ਲਾਸ਼ ਨੂੰ ਸੜਕ ‘ਤੇ ਰੱਖ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਫਿਲਹਾਲ ਪੁਲਿਸ ਹਾਦਸੇ ਦੀ ਜਾਂਚ ‘ਚ ਜੁਟੀ ਹੈ। ਮ੍ਰਿਤਕ ਜਸਬੀਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਵੇਰੇ ਦੁੱਧ ਲੈਣ ਲਈ ਐਕਟਿਵਾ ’ਤੇ ਘਰੋਂ ਨਿਕਲਿਆ ਸੀ। ਜਿਵੇਂ ਹੀ ਉਹ ਥੋੜ੍ਹੀ ਦੂਰ ਭਗਤਾਂਵਾਲਾ ਮੰਡੀ ਨੇੜੇ ਪਹੁੰਚਿਆ ਤਾਂ ਇਕ ਟਰੱਕ ਦੇ ਡਰਾਈਵਰ ਨੇ ਖਿੜਕੀ ਖੋਲ੍ਹੀ ਤਾਂ ਜਸਬੀਰ ਸਿੰਘ ਨੂੰ ਧੱਕਾ ਲੱਗਿਆ। ਜਿਸ ਕਾਰਨ ਜਸਬੀਰ ਸਿੰਘ ਆਪਣਾ ਸੰਤੁਲਨ ਗੁਆ ਕੇ ਸੜਕ ‘ਤੇ ਡਿੱਗ ਗਿਆ। ਜਸਬੀਰ ਸਿੰਘ ਜਿਉਂ ਹੀ ਸੜਕ ‘ਤੇ ਡਿੱਗਿਆ ਤਾਂ ਦੂਜੇ ਪਾਸਿਓਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਕੁਚਲ ਦਿਤਾ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਸਬੀਰ ਸਿੰਘ ਦੇ ਰਿਸ਼ਤੇਦਾਰ ਸਾਗਰ ਅਨੁਸਾਰ ਟਰੱਕ ਤੇਜ਼ ਰਫ਼ਤਾਰ ਸੀ ਅਤੇ ਉਸ ਦੀ ਗਲਤੀ ਸੀ। ਇਹ ਇਲਾਕਾ ਸ਼ਹਿਰ ਦੇ ਅੰਦਰ ਹੈ ਅਤੇ ਇਥੇ ਤੇਜ਼ ਰਫ਼ਤਾਰ ਨਹੀਂ ਹੋਣੀ ਚਾਹੀਦੀ। ਇਸ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਟਰੱਕ ਦੀ ਭੰਨਤੋੜ ਕੀਤੀ ਅਤੇ ਲਾਸ਼ ਨੂੰ ਉੱਥੇ ਲੈ ਕੇ ਬੈਠ ਗਏ। ਸਾਗਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਉਹ ਉਥੇ ਨਹੀਂ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

Leave a Reply

Your email address will not be published. Required fields are marked *