ਕਿਸਾਨ ਅੰਦੋਲਨ ਦਾ ਅੱਜ 9ਵਾਂ ਦਿਨ ਹੈ। ਇਸ ਵਿਚਾਲੇ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਖਨੌਰੀ ਅਤੇ ਸ਼ੰਭੂ ਵਿਚ ਪੰਜਾਬ-ਹਰਿਆਣਾ ਸਰਹੱਦ ਵੱਲ ਜੇਸੀਬੀ, ਪੋਕਲੇਨ, ਟਿੱਪਰ, ਹਾਈਡਰਾ ਅਤੇ ਹੋਰ ਭਾਰੀ ਧਰਤੀ ਹਿਲਾਉਣ ਵਾਲੇ ਯੰਤਰਾਂ ਦੀ ਆਵਾਜਾਈ ਨੂੰ ਰੋਕਣ ਦੇ ਹੁਕਮ ਦਿਤੇ ਹਨ।ਡੀਜੀਪੀ ਨੇ ਸਾਰੇ ਐਸਐਸਪੀਜ਼ ਅਤੇ ਸੀਪੀਜ਼ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਜੇਸੀਬੀ, ਪੋਕਲੇਨ, ਟਿੱਪਰ, ਹਾਈਡਰਾ ਅਤੇ ਹੋਰ ਭਾਰੀ ਮਿੱਟੀ ਕੱਢਣ ਵਾਲੇ ਯੰਤਰ ਨੂੰ ਖਨੌਰੀ ਅਤੇ ਸ਼ੰਭੂ ਵਿਖੇ ਪੰਜਾਬ-ਹਰਿਆਣਾ ਸਰਹੱਦ ਤਕ ਪਹੁੰਚਣ ਦੀ ਇਜਾਜ਼ਤ ਨਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਹਦਾਇਤਾਂ ਹਰਿਆਣਾ ਦੇ ਡੀਜੀਪੀ ਵਲੋਂ ਲਿਖਤੀ ਬੇਨਤੀ ਮਿਲਣ ਮਗਰੋਂ ਜਾਰੀ ਕੀਤੀਆਂ ਗਈਆਂ ਹਨ ਤੇ ਸਮੂਹ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਾਂ ਤਕ ਪਹੁੰਚਾ ਦਿਤੀਆਂ ਗਈਆਂ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਨਾਕੇਬੰਦੀ, ਪੈਟਰੋਲਿੰਗ ਤੇ ਹੋਰ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਜੇਸੀਬੀ, ਪੋਕਲੇਨ, ਟਿੱਪਰ ਤੇ ਹੋਰ ਅਜਿਹੇ ਸਾਧਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਹੁੰਚਣ ਤੋਂ ਰੋਕਿਆ ਜਾ ਸਕੇ।