ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ ਸ਼ਨੀਵਾਰ ਨੂੰ ਪੰਜਾਬ ’ਚ ਮੌਸਮ ਦਾ ਮਿਜ਼ਾਜ ਬਦਲ ਗਿਆ। ਕੱਲ ਤੋਂ ਹੀ ਬੱਦਲ ਛਾਏ ਹੋਏ ਹਨ। ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਜਲੰਧਰ ਵਿਚ ਅਚਾਨਕ ਹੀ ਬਾਅਦ ਦੁਪਹਿਰ ਮੌਸਮ ਨੇ ਆਪਣਾ ਮਿਜਾਜ਼ ਬਦਲਿਆ। ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਤੇਜ਼ ਬਾਰਸ਼ ਵੀ ਪੈ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਭਰ ਵਿਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ। ਜ਼ਿਕਰਯੋਗ ਹੈ ਕਿ ਜਲੰਧਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬੀਤੀ ਦੇਰ ਸ਼ਾਮ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਚਮਕ ਨਾਲ ਬਾਰਿਸ਼ ਹੋਈ। ਬਾਰਿਸ਼ ਕਾਰਨ ਦਿਨ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਮੌਸਮ ਵਿਭਾਗ ਨੇ ਇਸ ਸਬੰਧੀ ਸੰਤਰੀ ਅਲਰਟ ਵੀ ਜਾਰੀ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਵੀ ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ ਤੇ ਫ਼ਤਹਿਗੜ੍ਹ ਸਾਹਿਬ ’ਚ ਤੇਜ਼ ਹਵਾਵਾਂ ਦਰਮਿਆਨ ਦਿਨ ਭਰ ਰੁਕ-ਰੁਕ ਦਾ ਬੂੰਦਾਬਾਂਦੀ ਹੁੰਦੀ ਰਹੀ। ਬਾਰਿਸ਼ ਕਾਰਨ ਫ਼ਸਲਾਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਪੱਕ ਕੇ ਤਿਆਰ ਸਰ੍ਹੋਂ ਦੀ ਫ਼ਸਲ ਦੇ ਨਾਲ-ਨਾਲ ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਖੇਤੀਬਾੜੀ ਮਾਹਿਰ ਡਾ. ਬਲਦੇਵ ਸਿੰਘ ਅਨੁਸਾਰ ਹਨੇਰੀ-ਬਾਰਿਸ਼ ਨਾਲ ਕਣਕ ਦੀਆਂ ਉਨ੍ਹਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਜਿੱਥੇ ਕਿਸਾਨਾਂ ਨੇ ਸਿੰਚਾਈ ਕੀਤੀ ਸੀ। ਬਾਰਿਸ਼ ਨਾਲ ਨਮੀ ਵੱਧ ਜਾਵੇਗੀ ਤੇ ਮਿੱਟੀ ’ਚ ਜੜ੍ਹਾਂ ਦੀ ਪਕੜ ਕਮਜ਼ੋਰ ਹੋਣ ਨਾਲ ਫ਼ਸਲ ਡਿੱਗਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦਾ ਅਸਰ ਝਾੜ ’ਤੇ ਵੀ ਪੈ ਸਕਦਾ ਹੈ। ਉੱਥੇ ਤੇਜ਼ ਹਵਾਵਾਂ ਕਾਰਨ ‘ਯੈਲੋ ਰਸਟ’ ਬਿਮਾਰੀ ਦੇ ਇਕ ਤੋਂ ਦੂਜੀ ਥਾਂ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਲਾਂਕਿ ਹੁਣ ਤੱਕ ਰੋਪੜ ’ਚ ਹੀ ਕੁਝ ਥਾਵਾਂ ’ਤੇ ਕਣਕ ਦੀ ਫ਼ਸਲ ’ਤੇ ‘ਯੈਲੋ ਰਸਟ’ ਬਿਮਾਰੀ ਦਾ ਪਤਾ ਲੱਗਾ ਹੈ। ਸਭ ਤੋਂ ਵੱਡਾ ਨੁਕਸਾਨ ਸਰ੍ਹੋਂ ਦੀ ਫ਼ਸਲ ਨੂੰ ਹੋ ਸਕਦਾ ਹੈ। ਪੰਜਾਬ ’ਚ ਬਹੁਤੀਆਂ ਥਾਵਾਂ ’ਤੇ ਸਰ੍ਹੋਂ ਪੱਕ ਚੁੱਕੀ ਹੈ। ਤੇਜ਼ ਹਵਾ ਚੱਲਣ ਨਾਲ ਸਰ੍ਹੋਂ ਦੀ ਪੱਕੀ ਹੋਈ ਫ਼ਸਲ ਜ਼ਮੀਨ ’ਤੇ ਵਿਛਣ ਨਾਲ ਦਾਣੇ ਝੜਨ ਤੇ ਖ਼ਰਾਬ ਹੋਣ ਨਾਲ ਉਤਪਾਦਨ ਤੇ ਕੁਆਲਿਟੀ ਪ੍ਰਭਾਵਿਤ ਹੋ ਸਕਦੀ ਹੈ। ਗੜੇਮਾਰੀ ਨਾਲ ਸਬਜ਼ੀਆਂ ਦੀਆਂ ਫ਼ਸਲਾਂ ਵੀ ਖ਼ਰਾਬ ਹੋ ਸਕਦੀਆਂ ਹਨ।