ਸਾਵਧਾਨ ! ਪੰਜਾਬ ‘ਚ ਭਲਕੇ ਸਰਕਾਰੀ ਬੱਸਾਂ ਦਾ ਚੱਕਾ ਰਹੇਗਾ ਜਾਮ ! ਕੱਚੇ ਮੁਲਾਜ਼ਮਾਂ ਨੇ ਦਿੱਤੀ ਚਿਤਾਵਨੀ

ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਦੇ ਸਮੂਹ ਡਿਪੂਆਂ ‘ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂੰ ਨੇ ਫਿਰੋਜ਼ਪੁਰ ਡਿਪੂ ਦੇ ਗੇਟ ‘ਤੇ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ‘ਆਪ’ ਸਰਕਾਰ ਹਰ ਪਾਸਿਓਂ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦਾ ਹਰ ਵਰਗ ਦੁਖੀ ਹੈ ਜਿਸ ਦੇ ਚੱਲਦੇ ਜਥੇਬੰਦੀ ਵੱਲੋਂ ਵਾਰ-ਵਾਰ ਸੰਘਰਸ਼ ਉਲੀਕੇ ਜਾਂਦੇ ਹਨ। ਹਰ ਮੀਟਿੰਗ ‘ਚ ਸਰਕਾਰ ਅਤੇ ਮੈਨੇਜਮੈਂਟ ਮੰਗਾਂ ਨੂੰ ਮੰਨ ਲੈਂਦੀ ਹੈ ਤੇ ਲਿਖਤੀ ਭਰੋਸਾ ਵੀ ਦਿੱਤਾ ਜਾਂਦਾ ਹੈ। ਮੈਨੇਜਮੈਂਟ ਵੱਲੋਂ ਮੰਗਾਂ ਨੂੰ ਮੰਨ ਕੇ ਵੀ ਲਾਗੂ ਕਰਨ ‘ਚ ਦਿੱਕਤਾਂ ਪੈਦਾ ਕੀਤੀਆਂ ਜਾਂਦੀਆਂ ਹਨ। ਪਿਛਲੇ ਸਮੇਂ 9 ਫਰਵਰੀ ਦੀ ਮੀਟਿੰਗ ਸਰਕਾਰ ਤੇ ਮੈਨੇਜਮੈਂਟ ਦੇ ਨਾਲ ਹੋਈ ਸੀ ਜਿਸ ਵਿਚ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਪਰੰਤੂ ਮੈਨੇਜਮੈਂਟ ਜਾਣਬੁੱਝ ਕੇ ਉਸ ਵਿਚ ਅੜਚਨਾਂ ਪੈਦਾ ਕਰ ਰਹੀ ਹੈ। ਜਥੇਬੰਦੀ ਨੂੰ ਸਰਕਾਰ ਖਿਲਾਫ਼ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਕਰ ਰਹੀ ਹੈ। ਹੁਣ ਤਕ ਮੈਨੇਜਮੈਂਟ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਟਰੈਕਟ ‘ਤੇ ਕਰਨ, ਤਨਖਾਹ ਬਰਾਬਰ ਕਰਨ, ਕੰਡੀਸ਼ਨਾਂ ਰੱਦ ਕਰਨ, ਸਰਵਿਸ ਰੂਲ ਲਾਗੂ ਕਰਨ ਆਦਿ ਕਿਸੇ ਵੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ। ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਹਨ ਨਾ ਹੀ ਮਾਰੂ ਕੰਡੀਸ਼ਨਾ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਾਹਰ ਕੀਤਾ ਗਿਆ। ਉਲਟਾ ਜੋ ਕੰਟਰੈਕਟ ਮੁਲਾਜ਼ਮਾਂ ਨੂੰ ਬਹਾਲ ਕੀਤਾ ਉਨ੍ਹਾਂ ਨੂੰ ਮੁੜ ਤੋਂ ਆਊਟਸੋਰਸ ਠੇਕੇਦਾਰੀ ਸਿਸਟਮ ‘ਤੇ ਲਿਆ ਜਾ ਰਿਹਾ ਜਿਸ ਨਾਲ ਹਰ ਸਾਲ 20-25 ਕਰੋੜ GST ਕਮਿਸ਼ਨ ਦੀ ਲੁੱਟ ਹੋ ਰਹੀ ਹੈ। ਠੇਕੇਦਾਰ ਵੱਲੋਂ ਐਗਰੀਮੈਂਟ ਦੀਆ ਸ਼ਰਤਾਂ ਅਨੁਸਾਰ ਸਹੂਲਤਾਂ ਲਾਗੂ ਨਹੀਂ ਹੋ ਰਹੀਆ ਮੈਨੇਜਮੈਂਟ ਠੇਕੇਦਾਰ ਨਾਲ ਮਿਲੀ ਹੋਈ ਹੈ। ਸਰਕਾਰ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ ਪਰ ਮੈਨੇਜਮੈਂਟ ਆਪਣਾ ਪੱਲਾ ਝੜਦੇ ਹੋਏ ਮੁਲਾਜ਼ਮਾਂ ਨੂੰ ਛੁੱਟੀਆਂ ਤੇ ਰੈਸਟਾਂ ਲੈਣ ਲਈ ਵੀ ਠੇਕੇਦਾਰ ਕੋਲ ਜਾਣ ਲਈ ਕਹਿ ਰਹੀ ਹੈ। ਕਰੋੜਾਂ ਰੁਪਏ ਇੱਕਠੇ ਕਰ ਕੇ ਜਿਹੜੇ ਕੱਚੇ ਮੁਲਾਜ਼ਮ ਵਿਭਾਗ ਨੂੰ ਚਲਾ ਰਹੇ ਹਨ, ਸਰਕਾਰ ਤੇ ਮਨੇਜਮੈਂਟ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ। ਡਿਪੂ ਮੀਤ ਪ੍ਰਧਾਨ ਗੁਰਭੇਜ ਸਿੰਘ ਨੇ ਬੋਲਦਿਆਂ ਕਿਹਾ ਕਿ ਲਗਭਗ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮ 10 -15 ਸਾਲ ਤੋਂ ਸੰਤਾਪ ਹੰਡਾ ਰਹੇ ਨੇ ਹੁਣ ਤੱਕ ਸਰਕਾਰਾ ਹਰ ਵਾਰੀ ਲਾਰੇ ਲਾ ਕੇ ਵੋਟਾਂ ਬਟੋਰ ਲੈਦੀਆ ਹਨ ਪਰ ਪੰਜਾਬ ਦੇ ਨੋਜਵਾਨਾਂ ਦਾ ਸ਼ੋਸਣ ਲਗਾਤਾਰ ਹੋ ਰਿਹਾ ਹੈ ਪਿਛਲੇ ਸਮੇਂ ਦੀ ਲਗਭਗ ਇੱਕ ਸਾਲ ਦੀ ਤਨਖਾਹ ਦਾ 5% ਏਰੀਅਲ ਵੀ ਪੈਡਿੰਗ ਹੈ ਵਿਭਾਗ ਅਤੇ ਮਨੇਜਮੈਂਟ ਦਾ ਉਸ ਵੱਲ ਕੋਈ ਵੀ ਧਿਆਨ ਨਹੀਂ ਹੈ ਇੱਕ ਤਾਂ ਮੁਲਾਜ਼ਮਾਂ ਦੀਆਂ ਪਹਿਲਾਂ ਹੀ ਤਨਖਾਹ ਬਹੁਤ ਘੱਟ ਹਨ ਦੁਸਰੇ ਪਾਸੇ ਬਣਦੇ ਬਕਾਏ ਵੀ ਨਹੀਂ ਦਿੱਤੇ ਜਾਂ ਰਹੇ ਜਦੋ ਕਿ ਮੁਲਾਜ਼ਮਾਂ ਬੱਸ ਦੀ ਘਾਟ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਪਬਲਿਕ ਦੀ ਖੱਜਲ ਖੁਆਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਤੇ ਵਿਭਾਗ ਦਾ ਪੂਰਾ ਸਾਥ ਦੇ ਰਹੇ ਹਨ। ਜੇਕਰ ਸਰਕਾਰ ਤੇ ਮੈਨੇਜਮੈਂਟ ਨੇ ਮੰਗਾ ਦਾ ਹੱਲ ਜਲਦੀ ਨਾ ਕੀਤਾ ਅਤੇ ਮਨੇਜਮੈਂਟ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤੀ ਗਈ ਮੰਗ ਨੂੰ ਸਹੀ ਨਾ ਕੀਤਾ ਗਿਆ ਤਾਂ ਆਉਣ ਵਾਲੀ 12 ਮਾਰਚ ਨੂੰ ਦੁਪਹਿਰ ਤੋਂ ਸਰਕਾਰੀ ਬੱਸਾਂ ਦੀ ਸਰਵਿਸ ਬੰਦ ਕੀਤੀ ਜਾਵੇਗੀ। ਚੱਕਾ ਜਾਮ ਕੀਤਾ ਜਾਵੇਗਾ ਤੇ 13 ਮਾਰਚ ਨੂੰ ਮੁਹਾਲੀ ਤੋਂ ਵਿਧਾਨ ਸਭਾ ਚੰਡੀਗੜ੍ਹ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਤੇ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਅਤੇ ਟਰਾਸਪੋਰਟ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।

Leave a Reply

Your email address will not be published. Required fields are marked *