ਰਾਏਕੋਟ, (ਰਾਜਪਾਲ ਮਹੰਤ):-ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਅਤੇ ਪੰਥ ਪ੍ਰਸਤ ਲੋਕਾਂ ਦਾ ਵਿਸ਼ਾਲ ਕਾਫਲਾ ਸੀਨੀਅਰ ਟਕਸਾਲੀ ਆਗੂ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ(ਫਰੀਦਕੋਟ) ਲਈ ਰਵਾਨਾ ਹੋਇਆ, ਜਿਥੇ ਅੱਜ 1 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਵਦੀ ਕਰਨ ਵਾਲਿਆਂ ਨੂੰ ਸਜਾਵਾਂ ਦਵਾਉਣ ਸਬੰਧੀ ਕਰਵਾਏ ਜਾ ਰਹੇ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਸਭ ਤੋਂ ਪਹਿਲਾਂ ਜੂਨ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਹਮਲੇ ਨੂੰ ਯਾਦ ਕੀਤਾ ਅਤੇ 1984 ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜੱਥੇਦਾਰ ਤਲਵੰਡੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਵਦੀ ਮਾਮਲੇ ਵਿੱਚ ਅਜੇ ਤੱਕ ਇਨਕਾਰ ਨਾ ਮਿਲਣ ਕਾਰਨ ਸਿੱਖ ਕੌਮ ਦੇ ਹਿਰਦੇ ਵਲੂਧਰੇ ਗਏ। ਇਸ ਮੌਕੇ ਜੱਥੇਦਾਰ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ‘ ਤੇ ਨੀਵੇਂ ਪੱਧਰ ਦੀ ਰਾਜਨੀਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਜਥੇਬੰਦਕ ਨਿਯੁਕਤੀਆ ਨੂੰ ਮਖ਼ੌਲ ਬਣਾ ਕੇ ਰੱਖ ਦਿੱਤਾ ਹੈ, ਪੀਏਸੀ ਵਿੱਚ 77 ਮੈਂਬਰਾਂ ਦੀ ਨਿਯੁਕਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹ ਰਾਜਨੀਤਿਕ ਮਾਮਲਿਆ ਬਾਰੇ ਕਮੇਟੀ ਨਹੀ, ਬਲਕਿ ਖਾਨਾਪੂਰਤੀ ਹੈ ਇਹਨਾ ਮੈਂਬਰਾਂ ਦੀ ਰਾਏ ਕਦੇ ਵੀ ਨਹੀ ਲਈ ਜਾਵੇਗੀ ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਦੋਵੇਂ ਰਵਾਇਤੀ ਰਾਜਨੀਤਕ ਪਰਿਵਾਰ ਲੋਕਾਂ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ। ਜੱਥੇਦਾਰ ਤਲਵੰਡੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ(ਫ਼ਰੀਦਕੋਟ) ਦੇ ਉਸ ਗੁਰਦੁਆਰਾ ਸਾਹਿਬ ਜਿੱਥੋ 1 ਜੂਨ 2014 ਨੂੰ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਸੀ, ਉਸ ਵਿੱਚ ਅਰਦਾਸ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ।ਜਿਸ ਦੌਰਾਨ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਚੋਰੀ ਕਰਕੇ ਉਨ੍ਹਾਂ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਰਨ ਵਾਲੇ ਉਨ੍ਹਾਂ ਦੋਸ਼ੀਆਂ ਅਤੇ ਦੋਸ਼ੀਆਂ ਦੀ ਪੁਸਤਪਨਾਹੀ ਕਰਨ ਵਾਲਿਆ ਨੂੰ ਲੋਕ ਅਤੇ ਪ੍ਰਲੋਕ ਵਿੱਚ ਸਜਾ ਦਿਵਾਉਣ ਲਈ ਅਰਦਾਸ ਕੀਤੀ ਜਾਵੇਗੀ, ਬਲਕਿ ਸਜ਼ਾਵਾਂ ਦਵਾਉਣ ਲਈ ਸੰਘਰਸ਼ ਕਰਨ ਦਾ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਵੱਲੋਂ ਪ੍ਰਣ ਲਿਆ ਗਿਆ।ਇਸ ਅਰਦਾਸ ਸਮਾਗਮ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਪਾਰਟੀ ਪ੍ਰਧਾਨ ਸ੍ ਸੁਖਦੇਵ ਸਿੰਘ ਢੀਡਸਾ ਦੀ ਅਗਵਾਈ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਜੱਥੇਦਾਰ ਤਲਵੰਡੀ ਨੇ ਬਠਿੰਡਾ ਦੇ ਬੀੜ ਤਲਾਬ ਗੁਰੂ ਘਰ ਵਿੱਚ ਡੇਰਾ ਸਿਰਸਾ ਦੇ ਪਖੰਡੀ ਸਾਧ ਰਾਮ ਰਹੀਮ ਦੀ ਜੇਲ੍ਹ ’ਚੋਂ ਰਿਹਾਈ ਲਈ ਗ਼ਲਤ ਢੰਗ ਨਾਲ ਪਾਠੀ ਦੁਆਰਾ ਅਰਦਾਸ ਕਰਨ ਨੂੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ।ਇਸ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।