ਜਗਰਾਓਂ ਦੇ ਨੇੜਲੇ ਪਿੰਡ ਤੋਂ ਆਲੂਆਂ ਦੀ ਲੇਬਰ ਕਰਕੇ ਮੋਗਾ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਅੱਠ ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਮਹਿਲਾਵਾਂ ਗੰਭੀਰ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਲੰਡੇਕੇ ਤੋਂ ਟੈਂਪੂ ਵਿਚ ਸਵਾਰ ਹੋ ਕੇ ਕਰੀਬ 12 ਲੋਕ ਜਗਰਾਓਂ ਦੇ ਨੇੜਲੇ ਪਿੰਡ ਆਲੂਆਂ ਦੀ ਲੇਬਰ ਕਰਨ ਗਏ ਸੀ ਤਾਂ ਜਦੋਂ ਉਹ ਲੇਬਰ ਕਰਕੇ ਰਾਤ ਨੂੰ ਘਰ ਵਾਪਸ ਆ ਰਹੇ ਸੀ ਤਾਂ ਮੋਗਾ ਦੇ ਲੁਧਿਆਣਾ ਰੋਡ ’ਤੇ ਇੱਕ ਲੰਗਰ ਚੱਲ ਰਿਹਾ ਸੀ ਜਿਸ ਵਿਚ ਟੈਂਪੂ ਸਵਾਰ ਲੇਬਰਾਂ ਨੇ ਲੰਗਰ ਖਾਣ ਲਈ ਆਪਣੀ ਗੱਡੀ ਮੋਗਾ ਰੋਡ ’ਤੇ ਰੋਕ ਗਈ ਤੇ ਲੰਗਰ ਖਾਣ ਚਲੇ ਗਏ। ਉਨ੍ਹਾਂ ਵਿਚੋਂ ਤਿੰਨ ਮਹਿਲਾਵਾਂ ਅਤੇ ਇੱਕ ਬੱਚੀ ਜਦੋਂ ਸੜਕ ਪਾਰ ਕਰਨ ਲੱਗੇ ਤਾਂ ਲੁਧਿਆਣਾ ਸਾਈਡ ਵੱਲੋਂ ਇੱਕ ਤੇਜ਼ ਰਫਤਾਰ ਮੋਟਰਸਾਈਕਲ ਆ ਰਿਹਾ ਸੀ ਜਿਸ ਨੇ ਇਨ੍ਹਾਂ ਨੂੰ ਟੱਕਰ ਮਾਰ ਦਿਤੀ। ਹਾਦਸੇ ਵਿਚ ਬੱਚੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਤਿੰਨ ਮਹਿਲਾਵਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਬੱਚੀ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।