ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪਿੰਡ ਸਤਨੌਰ ਨੇੜੇ ਸ਼ਨੀਵਾਰ ਸਵੇਰੇ ਤੜਕੇ ਤੂੜੀ ਦੀ ਟਰਾਲੀ ਪਲਟਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਡਿਊਟੀ ਅਫ਼ਸਰ ਏਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਸਵੇਰੇ 4.30 ਵਜੇ ਤੂੜੀ ਦੀ ਭਰੀ ਟਰਾਲੀ ਦੀ ਸਤਨੌਰ ਪਿੰਡ ਦੀ ਹੱਡਾਰੋੜੀ ਲਾਗੇ ਹੁੱਕ ਟੁੱਟਣ ਕਾਰਨ ਟਰਾਲੀ ਪਲਟ ਗਈ। ਜਿਸ ਵਿੱਚ ਟਰੈਕਟਰ ’ਤੇ ਸਵਾਰ ਦੋ ਵਿਅਕਤੀ ਵਿਚਾਲੇ ਘੁੱਟ ਗਏ। ਜਿਸ ਕਾਰਨ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ (30) ਪੁੱਤਰ ਹਰਨੇਕ ਸਿੰਘ ਵਾਸੀ ਮੁਕਤਸਰ ਸਾਹਿਬ ਦੀ ਮੌਤ ਹੋ ਗਈ ਅਤੇ ਦੂਜਾ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਮੁਕਤਸਰ ਸਾਹਿਬ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਵੱਲੋਂ ਦੋਵਾਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਗੁਰਸੇਵਕ ਸਿੰਘ ਦੀ ਹਾਲਤ ਨੂ ਦੇਖਦੇ ਹੋਏ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤੀ ਗਈ ਹੈ ਅਤੇ ਪਰਿਵਾਰਿਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ।